A A A A A

Church: [Birth Of Jesus]


ਮੈਥਿਊ 1:18-23
[18] ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁਡ਼ਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ।[19] ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਮ੍ਹਣੇ ਕਲੰਕਨ ਪਰਗਟ ਕਰੇ। ਤਾਂ ਉਸਨੇ ਉਸਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ।[20] ਪਰ ਜਦੋਂ ਉਸਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸਦੇ ਸੁਪਨੇ ਵਿੱਚ ਦਰਸ਼ਨ ਦਿੱਤੇ। ਤੇ ਦੂਤ ਨੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਤੂੰ ਮਰਿਯਮ ਨੂੰ ਆਪਣੀ ਪਤਨੀ ਸਵਿਕਾਰ ਕਰਨ ਤੋਂ ਨਾ ਘਬਰਾ। ਜਿਹਡ਼ਾ ਬੱਚਾ ਉਸਦੀ ਕੁਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ।[21] ਮਰਿਯਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਂ ਯਿਸੂ ਰਖੀਂ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”[22] ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ।[23] “ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ।” ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।”

ਲੂਕਾ 2:7-21
[7] ਉਸਨੇ ਆਪਣੇ ਪਹਿਲੇ ਪੁੱਤਰ ਯਿਸੂ ਨੂੰ ਉਥੇ ਜਨਮ ਦਿੱਤਾ। ਪਰ ਉਸ ਘਰ ਵਿੱਚ ਉਨ੍ਹਾਂ ਦੇ ਰਹਿਣ ਲਈ ਕਾਫ਼ੀ ਜਗ੍ਹਾ ਨਹੀਂ ਸੀ, ਮਰਿਯਮ ਨੇ ਬਾਲਕ ਨੂੰ ਕੱਪਡ਼ੇ ਵਿੱਚ ਲਪੇਟਿਆ ਅਤੇ ਬਾਲਕ ਨੂੰ ਇੱਕ ਬਕਸੇ ਵਿੱਚ ਪਾਕੇ ਜਿਥੇ ਪਸ਼ੂਆਂ ਨੂੰ ਚਾਰਾ ਖੁਆਇਆ ਜਾਂਦਾ ਸੀ ਉਥੇ ਇੱਕ ਖੁਰਲੀ ਵਿੱਚ ਰੱਖਿਆ।[8] ਉਸੇ ਰਾਤ, ਉਸ ਇਲਾਕੇ ਵਿੱਚ ਕੁਝ ਆਜਡ਼ੀ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ।[9] ਪ੍ਰਭੂ ਦਾ ਦੂਤ ਆਜਡ਼ੀਆਂ ਦੇ ਸਾਮ੍ਹਣੇ ਆਕੇ ਖਢ਼ਾ ਹੋ ਗਿਆ। ਪ੍ਰਭੂ ਦੀ ਮਹਿਮਾ ਉਨ੍ਹਾਂ ਦੇ ਚੁਫ਼ੇਰੇ ਚਮਕੀ ਤਾਂ ਆਜਡ਼ੀ ਬਹੁਤ ਡਰ ਗਏ।[10] ਦੂਤ ਨੇ ਉਨ੍ਹਾਂ ਨੂੰ ਆਖਿਆ, “ਡਰੋ ਨਹੀਂ, ਮੈਂ ਤੁਹਨੂੰ ਖੁਸ਼ ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ।[11] ਖੁਸ਼ ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹ ਪ੍ਰਭੂ ਹੈ।[12] ਤੁਸੀਂ ਉਸਦੀ ਪਛਾਣ ਇਸ ਤਰ੍ਹਾਂ ਕਰ ਸਕਦੇ ਹੋ ਕਿ ਤੁਸੀਂ ਇੱਕ ਬਾਲਕ ਨੂੰ ਕੱਪਡ਼ੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਪਾਵੋਗੇ।”[13] ਉਥੇ ਬਹੁਤ ਸਾਰੇ ਦੂਤਾਂ ਨੇ ਦੂਸਰੇ ਦੂਤ ਕੋਲ ਖਢ਼ੇ ਹੋਕੇ ਪ੍ਰਭੂ ਪਰਮੇਸ਼ੁਰ ਦੀ ਉਸਤਤਿ ਵਿੱਚ ਕਿਹਾ:[14] “ਸਵਰਗ ਵਿੱਚ ਪਰਮੇਸ਼ੁਰ ਦੀ ਉਸਤਤਿ ਹੋਵੇ, ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।”[15] ਦੂਤ ਆਜਡ਼ੀਆਂ ਨੂੰ ਛੱਡਕੇ ਫ਼ੇਰ ਸੁਰਗ ਨੂੰ ਵਾਪਸ ਮੁਡ਼ ਗਏ। ਆਜਡ਼ੀ ਇੱਕ ਦੂਜੇ ਨੂੰ ਆਖਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ, ਅਤੇ ਉਸ ਗੱਲ ਨੂੰ ਵੇਖੀਏ ਜਿਸਦੀ ਖਬਰ ਸਾਨੂੰ ਪ੍ਰਭੂ ਦੁਆਰਾ ਦਿੱਤੀ ਗਈ ਹੈ।”[16] ਉਹ ਛੇਤੀ ਹੀ ਚਲੇ ਗਏ ਅਤੇ ਉਥੇ ਉਨ੍ਹਾਂ ਨੇ ਯੂਸੁਫ਼ ਅਤੇ ਮਰਿਯਮ ਨੂੰ ਵੇਖਿਆ ਅਤੇ ਬਾਲਕ ਨੂੰ ਖੁਰਲੀ ਵਿੱਚ ਪਿਆ ਹੋਇਆ ਵੇਖਿਆ।[17] ਜਦੋਂ ਆਜਡ਼ੀਆਂ ਨੇ ਉਸ ਬਾਲਕ ਨੂੰ ਵੇਖਿਆ ਤਾਂ ਉਨ੍ਹਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹਡ਼ਾ ਇਸ ਬਾਲਕ ਬਾਰੇ ਉਨ੍ਹਾਂ ਨੂੰ ਦਿੱਤਾ ਗਿਆ ਸੀ।[18] ਉਹ ਸਾਰੇ ਲੋਕ ਜਿਨ੍ਹਾਂ ਨੇ ਆਜਡ਼ੀਆਂ ਦਾ ਸੰਦੇਸ਼ ਸੁਣਿਆ, ਹੈਰਾਨ ਸਨ।[19] ਪਰ ਮਰਿਯਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ, ਅਤੇ ਉਨ੍ਹਾਂ ਬਾਰੇ ਲਗਾਤਾਰ ਸੋਚਣਾ ਜਾਰੀ ਰੱਖਿਆ।[20] ਆਜਡ਼ੀ ਉਹ ਸਭ ਗੱਲਾਂ ਬਾਰੇ ਵੇਖ-ਸੁਣਕੇ ਪ੍ਰਭੂ ਦਾ ਸ਼ੁਕਰਾਨਾ ਤੇ ਉਸਤਤਿ ਕਰਦੇ ਹੋਏ ਆਪਣੇ ਘਰਾਂ ਵੱਲ ਵਾਪਸ ਮੁਡ਼ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਉਨ੍ਹਾਂ ਨੂੰ ਦਸਿਆ ਗਿਆ ਸੀ।[21] ਜਦੋਂ ਬਾਲਕ ਅਠਾਂ ਦਿਨਾਂ ਦਾ ਹੋਇਆ, ਤਾਂ ਉਸਦੀ ਸੁੰਨਤ ਹੋਈ ਅਤੇ ਉਸਦਾ ਨਾਮ ਯਿਸੂ ਰੱਖਿਆ ਗਿਆ। ਇਹ ਨਾਮ ਬਾਲਕ ਦੇ ਮਰਿਯਮ ਦੀ ਕੁਖ ਚੋਂ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਦੂਤ ਨੇ ਰੱਖਿਆ ਸੀ।

ਮੈਥਿਊ 2:1-12
[1] ਯਿਸੂ ਯਹੂਦਿਯਾ ਦੇ ਨਗਰ ਬੈਤਲਹਮ ਵਿੱਚ ਜੰਮਿਆ ਸੀ। ਉਹ ਉਸ ਵਕਤ ਜਨਮਿਆ ਸੀ ਜਦੋਂ ਹੇਰੋਦੇਸ ਰਾਜਾ ਸੀ। ਯਿਸੂ ਦੇ ਜਨਮ ਤੋਂ ਬਾਅਦ ਪੂਰਬ ਵੱਲੋਂ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ।[2] ਜੋਤਸ਼ੀਆਂ ਨੇ ਲੋਕਾਂ ਨੂੰ ਪੁੱਛਿਆ, “ਨਵਾਂ ਜੁਆਕ ਕਿਥੇ ਹੈ ਜੋ ਕਿ ਯਹੂਦੀਆਂ ਦਾ ਰਾਜਾ ਹੈ? ਅਸੀਂ ਤਾਰਾ ਵੇਖਿਆ ਹੈ ਜੋ ਦਰਸਾਉਂਦਾ ਕਿ ਉਹ ਜਨਮਿਆ ਹੈ। ਅਸੀਂ ਉਸਦੀ ਉਪਾਸਨਾ ਕਰਨ ਲਈ ਆਏ ਹਾਂ।”[3] ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ।[4] ਹੇਰੋਦੇਸ ਨੇ ਯਹੂਦੀ ਪ੍ਰਧਾਨ ਜਾਜਕਾਂ ਤੇ ਨੇਮ ਦੇ ਉਸਦੇਸ਼ਕਾਂ ਨੂੰ ਇਕਠਿਆਂ ਕਰਕੇ, ਉਨ੍ਹਾਂ ਨੂੰ ਪੁੱਛਿਆ ਕਿ ਮਸੀਹ ਕਿਥੇ ਜੰਮੇਗਾ?[5] ਉਨ੍ਹਾਂ ਨੇ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ, ਕਿਉਂਕਿ ਨਬੀ ਨੇ ਇਸ ਬਾਰੇ ਪੋਥੀਆਂ ਵਿੱਚ ਲਿਖਿਆ ਹੈ:[6] ‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚ ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬਡ਼ਾ ਮਹੱਤਵਪੂਰਣ ਹੈ। ਹਾਂ, ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ, ਜਿਹਡ਼ਾ ਮੇਰੇ ਲੋਕਾਂ, ਅਤੇ ਇਸਰਾਏਲ ਦੀ ਅਗਵਾਈ ਕਰੇਗਾ।”‘ ਮੀਕਾਹ 5:2[7] ਫੇਰ ਹੇਰੋਦੇਸ ਨੇ ਪੂਰਬ ਤੋਂ ਆਏ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾਕੇ ਉਨ੍ਹਾਂ ਕੋਲੋਂ ਠੀਕ-ਠੀਕ ਪਤਾ ਕੀਤਾ ਕਿ ਉਨ੍ਹਾਂ ਨੂੰ ਤਾਰਾ ਪਹਿਲੀ ਵਾਰ ਕਦੋਂ ਦਿਖਾਈ ਦਿੱਤਾ ਸੀ।[8] ਫ਼ੇਰ ਹੇਰੋਦੇਸ ਨੇ ਉਨ੍ਹਾਂ ਨੂੰ ਬੈਤਲਹਮ ਵਿੱਚ, ਇਹ ਕਹਿ ਕੇ ਭੇਜ ਦਿੱਤਾ ਕਿ, “ਜਾਓ ਅਤੇ ਧਿਆਨ ਨਾਲ ਇਸ ਬਾਲਕ ਬਾਰੇ ਪਤਾ ਲਗਾਓ। ਜਦੋਂ ਤੁਸੀਂ ਬਾਲਕ ਨੂੰ ਲਭ ਲਵੋਂ, ਤਾਂ ਆਕੇ ਮੈਨੂੰ ਦੱਸ ਦਿਓ, ਤਾਂ ਜੋ ਮੈਂ ਵੀ ਜਾਵਾਂ ਅਤੇ ਉਸਦੀ ਉਪਾਸਨਾ ਕਰਾਂ।”[9] ਉਹ ਰਾਜੇ ਦੀ ਗੱਲ ਸੁਣਕੇ ਚਲੇ ਗਏ। ਅਤੇ ਉਹ ਤਾਰਾ, ਜਿਹਡ਼ਾ ਉਨ੍ਹਾਂ ਨੇ ਚਢ਼ਦੇ ਪਾਸੇ ਦੇਖਿਆ ਸੀ, ਜੋਤਸ਼ੀਆਂ ਨੇ ਉਸ ਤਾਰੇ ਦਾ ਪਿਛਾ ਕੀਤਾ। ਤਾਰੇ ਨੇ ਉਨ੍ਹਾਂ ਦੀ ਉਦੋਂ ਤੱਕ ਅਗਵਾਈ ਕੀਤੀ, ਜਦੋਂ ਤੱਕ ਕਿ ਉਹ ਉਸ ਜਗ਼੍ਹਾ ਉੱਤੇ ਆਕੇ ਨਹੀਂ ਰੁਕ ਗਿਆ ਜਿਥੇ ਉਹ ਬਾਲਕ ਸੀ।[10] ਜੋਤਸ਼ੀ ਉਦੋਂ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਨੇ ਤਾਰਾ ਵੇਖਿਆ।[11] ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸਨੂੰ ਮਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹਡ਼ੀਆਂ ਉਹ ਬਾਲਕ ਵਾਸਤੇ ਲਿਆਏ ਸਨ।[12] ਪਰ ਸੁਫਨੇ ਵਿੱਚ ਪਰਮੇਸ਼ੁਰ ਨੇ ਜੋਤਸ਼ੀਆਂ ਨੂੰ ਖਬਰਦਾਰ ਕੀਤਾ ਕਿ ਉਹ ਹੇਰੋਦੇਸ ਕੋਲ ਫੇਰ ਨਾ ਜਾਣ। ਤਾਂ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁਡ਼ ਗਏ।

ਗਲਾਟੀਆਂ 4:4
ਪਰਮੇਸ਼ੁਰ ਦਾ ਪੁੱਤਰ ਇੱਕ ਔਰਤ ਨੂੰ ਜੰਮਿਆ ਸੀ। ਪਰਮੇਸ਼ੁਰ ਦਾ ਪੁੱਤਰ ਨੇਮ ਦੇ ਨਿਯਂਤ੍ਰਣ ਹੇਠ ਜਿਉਂਇਆ।

ਲੂਕਾ 2:1-4
[1] ਉਸ ਸਮੇਂ ਔਗੁਸਤੁਸ ਕੈਸਰ ਵੱਲੋਂ ਇਹ ਆਦੇਸ਼ ਹੋਇਆ ਕਿ ਸਾਰੇ ਰੋਮ ਵਾਸੀਆਂ ਨੂੰ ਮਰਦੁਮ-ਸ਼ੁਮਾਰੀ ਵਾਸਤੇ ਆਪਣੇ ਨਾਮ ਦਰਜ ਕਰਾਉਣੇ ਚਾਹੀਦੇ ਹਨ।[2] ਇਹ ਪਹਿਲੀ ਵਾਰੀ ਸੀ, ਜੋ ਮਰਦੁਮ-ਸ਼ੁਮਾਰੀ ਦੀਆਂ ਕਿਤਾਬਾਂ ਵਿੱਚ ਸਾਰੇ ਲੋਕਾਂ ਨੂੰ ਦਰਜ ਕੀਤਾ ਜਾਣਾ ਸੀ। ਇਹ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੂਰੀਆਂ ਦਾ ਰਾਜਪਾਲ ਕੁਰੇਨਯੁਸ ਸੀ।[3] ਇਸ ਲਈ ਹਰ ਕੋਈ ਆਪੋ-ਆਪਣੇ ਨਗਰ ਵਿੱਚ ਆਪਣਾ ਨਾਉਂ ਦਰਜ ਕਰਵਾਉਣ ਲਈ ਗਿਆ।[4] ਤਾਂ ਯੂਸੁਫ਼ ਗਲੀਲ ਦੇ ਸ਼ਹਿਰ ਨਾਸਰਤ ਤੋਂ ਵਿਦਾ ਹੋਇਆ। ਉਹ ਯਹੂਦਿਯਾ ਵਿੱਚ ਬੈਤਲਹਮ ਦੇ ਨਗਰ ਨੂੰ ਗਿਆ। ਇਹ ਨਗਰ ਦਾਊਦ ਦਾ ਨਗਰ ਕਹਾਉਂਦਾ ਸੀ। ਯੂਸੁਫ਼ ਉਥੇ ਇਸ ਲਈ ਗਿਆ ਕਿਉਂਕਿ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ।

ਪਰਕਾਸ਼ ਦੀ ਪੋਥੀ 12:1-5
[1] ਫ਼ੇਰ ਸਵਰਗ ਵਿੱਚ ਇੱਕ ਵੱਡਾ ਅਜੀਬ ਨਿਸ਼ਾਨ ਪ੍ਰਗਟ ਹੋਇਆ। ਉਥੇ ਇੱਕ ਔਰਤ ਸੀ ਜਿਸਨੂੰ ਸੂਰਜ ਦੇ ਵਸਤਰ ਪਹਿਨਾਏ ਗਏ ਸਨ। ਚੰਦਰਮਾਂ ਉਸਦੇ ਪੈਰਾਂ ਹੇਠਾਂ ਸੀ। ਉਸਦੇ ਸਿਰ ਤੇ ਬਰ੍ਹਾਂ ਸਿਤਾਰਿਆਂ ਵਾਲਾ ਤਾਜ ਸੀ।[2] ਔਰਤ ਗਰਭਵਤੀ ਸੀ। ਉਹ ਸੂਤਕ ਪੀਡ਼ਾਂ ਨਾਲ ਕੁਰਲਾਹ ਰਹੀ ਸੀ ਕਿਉਂਕਿ ਉਹ ਬੱਚੇ ਨੂੰ ਜਨਮ ਦੇਣ ਹੀ ਵਾਲੀ ਸੀ।[3] ਫ਼ੇਰ ਸਵਰਗ ਵਿੱਚ ਇੱਕ ਹੋਰ ਨਿਸ਼ਾਨ ਪ੍ਰਗਟ ਹੋਇਆ; ਉਥੇ ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ। ਵੱਡੇ ਅਜਗਰ ਦੇ ਸੱਤ ਸਿਰ ਸਨ ਜਿਨ੍ਹਾਂ ਉੱਤੇ ਤਾਜ ਸਨ। ਅਜਗਰ ਦੇ ਦਸ ਸਿੰਗ ਵੀ ਸਨ।[4] ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕਢ੍ਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਸ਼ਿਸ਼ੂ ਪੈਦਾ ਹੋਵੇ ਅਜਗਰ ਉਸ ਔਰਤ ਦੇ ਸ਼ਿਸ਼ੂ ਨੂੰ ਨਿਗਲ ਜਾਣਾ ਚਾਹੁੰਦਾ ਸੀ।[5] ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਇੱਕ ਲੋਹੇ ਦੀ ਸਲਾਖ ਨਾਲ ਸਾਰੀ ਕੌਮਾਂ ਤੇ ਸ਼ਾਸਨ ਕਰ ਸਕਦਾ ਸੀ। ਅਤੇ ਉਸਦੇ ਬੱਚੇ ਨੂੰ ਪਰਮੇਸ਼ੁਰ ਅਤੇ ਉਸਦੇ ਤਖਤ ਕੋਲ ਲਿਜਾਇਆ ਗਿਆ।

Punjabi Bible 2000
NT: © 2000 Bible League International; OT: © 2002 Bible League International