A A A A A
ਇਕ ਸਾਲ ਵਿਚ ਬਾਈਬਲ
ਅਪ੍ਰੈਲ 19

ਜੱਜ 3:1-31
1. ਏਹ ਓਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਰਹਿਣ ਦਿੱਤਾ ਜੋ ਇਸਰਾਏਲ ਦਾ ਅਰਥਾਤ ਉਨ੍ਹਾਂ ਦਾ ਜਿਨ੍ਹਾਂ ਨੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਿਆ ਸੀ ਉਨ੍ਹਾਂ ਦੇ ਰਾਹੀਂ ਪਰਤਾਵਾ ਲਵੇ
2. ਨਿਰਾ ਏਸੇ ਲਈ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵੱਲ ਨਹੀਂ ਆਉਂਦਾ ਸੀ ਉਹ ਸਿਖਾਵੇ
3. ਅਰਥਾਤ ਫਲਿਸਤੀਆਂ ਦੇ ਪੰਜ ਸਰਦਾਰ ਅਤੇ ਸਾਰੇ ਕਨਾਨੀ ਅਰ ਸੀਦੋਨੀ ਅਰ ਹਿੱਵੀ ਜਿਹੜੇ ਲਬਾਨੋਨ ਦੇ ਪਹਾੜ ਵਿੱਚ ਬਆਲ-ਹਰਮੋਨ ਦੇ ਪਹਾੜੋਂ ਲੈ ਕੇ ਹਮਾਥ ਦੇ ਲਾਂਘੇ ਤੋੜੀ ਵੱਸਦੇ ਸਨ
4. ਏਹ ਇਸ ਲਈ ਰਹੇ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਿਆ ਜਾਵੇ ਅਤੇ ਮਲੂਮ ਹੋਵੇ ਜੋ ਓਹ ਯਹੋਵਾਹ ਦੀਆਂ ਆਗਿਆਂ ਨੂੰ ਜੋ ਉਹ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਆਖੀਆਂ ਸਨ ਸੁਣਨਗੇ ਯਾ ਨਹੀਂ।।
5. ਸੋ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵੱਸਦੇ ਸਨ
6. ਅਰ ਉਨ੍ਹਾਂ ਨੇ ਓਹਨਾਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਰ ਆਪਣੀਆਂ ਧੀਆਂ ਓਹਨਾਂ ਦੇ ਪੁੱਤ੍ਰਾਂ ਨੂੰ ਦਿੱਤੀਆਂ ਅਤੇ ਓਹਨਾਂ ਦੇ ਦਿਓਤਿਆਂ ਦੀ ਪੂਜਾ ਕੀਤੀ।।
7. ਸੋ ਇਸਰਾਏਲੀਆਂ ਨੇ ਯੋਹਾਵਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿਸਾਰਿਆ ਅਤੇ ਬਆਲਾਂ ਤੇ ਅਸੇਰਾਹ ਦੇਵੀ ਦੀ ਪੂਜਾ ਕੀਤੀ।।
8. ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮੇਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਵੇਚ ਦਿੱਤਾ ਸੋ ਓਹ ਕੂਸ਼ਨ-ਰਿਸ਼ਾਤੈਮ ਦੀ ਟਹਿਲ ਅੱਠ ਵਰਹੇ ਕਰਦੇ ਰਹੇ
9. ਜਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤਦ ਯਹੋਵਾਹ ਨੇ ਇੱਕ ਬਚਾਉਣ ਵਾਲਾ ਆਥਨੀਏਲ ਅਰਥਾਤ ਕਾਲੇਬ ਦੇ ਨਿੱਕੇ ਭਰਾ ਕਨਜ਼ ਦੇ ਪੁੱਤ੍ਰ ਆਥਨੀਏਲ ਨੂੰ ਜਿਹ ਨੇ ਉਨ੍ਹਾਂ ਨੂੰ ਬਚਾਇਆ ਠਹਿਰਾਇਆ
10. ਅਤੇ ਯਹੋਵਾਹ ਦਾ ਆਤਮਾ ਉਸ ਦੇ ਉੱਤੇ ਆਇਆ ਅਰ ਉਹ ਇਸਰਾਏਲ ਦਾ ਨਿਆਈ ਬਣਿਆ ਅਰ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਹੋਵਾਹ ਨੇ ਅਰਾਮ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਨੂੰ ਉਹ ਦੇ ਹੱਥ ਵਿੱਚ ਕਰ ਅਤੇ ਉਸ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ
11. ਅਤੇ ਚਾਲੀਆਂ ਵਰਿਹਾਂ ਤੀਕਰ ਉਹ ਦੇਸ ਸੁਖੀ ਰਿਹਾ, ਤਾਂ ਕਨਜ਼ ਦਾ ਪੁੱਤ੍ਰ ਆਥਨੀਏਲ ਮਰ ਗਿਆ।।
12. ਇਸਰਾਏਲੀਆਂ ਨੇ ਫੇਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਤਾਂ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ ਇਸ ਲਈ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ
13. ਅਤੇ ਉਸ ਨੇ ਅੰਮੋਨੀਆਂ ਤੇ ਅਮਾਲੇਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਸਰਾਏਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ
14. ਸੋ ਇਸਰਾਏਲੀ ਅਠਾਰਾਂ ਵਰਿਹਾਂ ਤੀਕ ਮੋਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ
15. ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਿਨਯਾਮੀਨੀ ਗੇਰਾ ਦੇ ਪੁੱਤ੍ਰ ਏਹੂਦ ਨੂੰ ਜੋ ਖੱਬਾ ਸੀ ਉਠਾਇਆ ਅਤੇ ਇਸਰਾਏਲੀਆਂ ਨੇ ਉਸ ਦੇ ਹਥੀਂ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਘੱਲਿਆ
16. ਪਰ ਏਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੁਧਾਰੀ ਕਟਾਰ ਬਣਵਾਈ ਅਤੇ ਉਹ ਨੂੰ ਲੀੜੇ ਹੇਠ ਸੱਜੇ ਪੱਟ ਨਾਲ ਬੰਨਿਆ
17. ਅਤੇ ਉਹ ਨਜ਼ਰਾਨਾ ਮੋਆਬ ਦੇ ਰਾਜਾ ਕੋਲ ਲਿਆਇਆ ਅਤੇ ਅਗਲੋਨ ਇੱਕ ਵੱਡਾ ਘੋਗੜ ਮਨੁੱਖ ਸੀ
18. ਅਤੇ ਅਜਿਹਾ ਹੋਇਆ ਜਾਂ ਉਹ ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ ਉਨ੍ਹਾਂ ਲੋਕਾਂ ਨੂੰ ਉਸ ਨੇ ਵਿਦਿਆ ਕੀਤਾ
19. ਪਰ ਉਹ ਆਪ ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਗੁੱਝਾ ਸੰਦੇਸਾ ਮੇਰੇ ਕੋਲ ਹੈ। ਉਹ ਬੋਲਿਆ, ਸਾਰੇ ਚੁੱਪ ਕਰ ਰਹੋ ਤਾਂ ਜਿਹੜੇ ਉਹ ਦੇ ਦੁਆਲੇ ਖਲੋਤੇ ਸਨ ਸਭ ਬਾਹਰ ਨਿੱਕਲ ਗਏ
20. ਤਾਂ ਏਹੂਦ ਉਹ ਦੇ ਕੋਲ ਆਇਆ, ਉਸ ਵੇਲੇ ਉਹ ਵਾ ਖੋਰੀ ਚੁਬਾਰੇ ਵਿੱਚ ਜੋ ਨਿਰਾ ਉਹ ਦੇ ਲਈ ਸੀ ਬੈਠਾ ਹੋਇਆ ਸੀ ਤਾਂ ਏਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸ਼ਾ ਹੈ ਤਾਂ ਉਹ ਚੌਂਕੀ ਉੱਤੋਂ ਉੱਠ ਖਲੋਤਾ
21. ਤਾਂ ਏਹੂਦ ਨੇ ਆਪਣਾ ਖੱਬਾ ਹੱਥ ਲੰਮਾ ਕੀਤਾ ਅਤੇ ਸੱਜੇ ਪੱਟ ਉੱਤੋਂ ਕਟਾਰ ਫੜ ਕੇ ਉਹ ਦੀ ਤੋਂਦ ਦੇ ਵਿੱਚ ਘਸੋੜ ਦਿੱਤੀ
22. ਅਤੇ ਫਲ ਦੇ ਸਣੇ ਮੁੱਠ ਭੀ ਧੱਸ ਗਈ ਅਤੇ ਕਟਾਰ ਚਰਬੀ ਦੇ ਵਿੱਚ ਜਾ ਖੁੱਭੀ ਕਿਉਂ ਜੋ ਉਸ ਨੇ ਉਹ ਦੀ ਤੋਂਦ ਵਿੱਚੋਂ ਉਹ ਨੂੰ ਨਹੀਂ ਕੱਢਿਆ ਅਤੇ ਬਿਸ਼ਟਾ ਨਿੱਕਲ ਪਿਆ
23. ਤਦ ਏਹੂਦ ਨੇ ਬਾਹਰ ਸੁਫੇ ਵਿੱਚ ਆ ਕੇ ਚੁਬਾਰੇ ਦਾ ਬੂਹਾ ਆਪਣੇ ਮਗਰੋਂ ਭੇੜਿਆ ਅਰ ਜੰਦਰਾ ਮਾਰ ਦਿੱਤਾ
24. ਜਦ ਉਹ ਨਿੱਕਲ ਗਿਆ ਤਾਂ ਉਹ ਦੇ ਟਹਿਲੂਏ ਆਏ ਅਤੇ ਜਾਂ ਉਨ੍ਹਾਂ ਨੇ ਡਿੱਠਾ, ਵੇਖੋ, ਚੁਬਾਰੇ ਦੇ ਬੂਹੇ ਵੱਜੇ ਹੋਏ ਸਨ ਤਾਂ ਉਹ ਬੋਲੇ, ਉਹ ਵਾ ਖੋਰੇ ਚੁਬਾਰੇ ਵਿੱਚ ਬੈਠਾ ਹੋਊ
25. ਅਤੇ ਓਹ ਇੱਥੋਂ ਤੀਕਰ ਉਹ ਨੂੰ ਉਡੀਕਦੇ ਰਹੇ ਜੋ ਲੱਜਿਆਵਾਨ ਹੋਏ ਅਤੇ ਜਦੋਂ ਡਿੱਠਾ ਜੋ ਚੁਬਾਰੇ ਦਾ ਬੂਹਾ ਨਹੀਂ ਖੁੱਲ੍ਹਦਾ, ਤਾਂ ਉਨ੍ਹਾਂ ਨੇ ਕੁੰਜੀ ਲਾ ਕੇ ਆਪ ਬੂਹਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮੇਇਆ ਪਿਆ ਸੀ!
26. ਉਨ੍ਹਾਂ ਦੇ ਉਡੀਕਣ ਦੇ ਚਿਰ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ
27. ਤਾਂ ਅਜਿਹਾ ਹੋਇਆ ਕਿ ਜਦੋਂ ਉੱਥੇ ਅੱਪੜਿਆ ਤਾਂ ਉਹ ਨੇ ਇਫ਼ਰਾਈਮ ਦੇ ਪਹਾੜ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਦੇ ਨਾਲ ਪਹਾੜੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ ਅੱਗੇ ਹੋਇਆ
28. ਉਸ ਨੇ ਉਨ੍ਹਾਂ ਨੂੰ ਆਖਿਆ, ਮੇਰੇ ਮਗਰ ਮਗਰ ਤੁਰੋ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਕਰ ਦਿੱਤਾ ਹੈ, ਸੋ ਓਹ ਉਸ ਦੇ ਪਿੱਛੇ ਲੱਥੇ ਅਤੇ ਯਰਦਨ ਦਿਆਂ ਪੱਤਣਾਂ ਨੂੰ ਜੋ ਮੋਆਬ ਦੀ ਵੱਲ ਸਨ, ਮੱਲ ਲਿਆ ਅਤੇ ਇੱਕ ਨੂੰ ਭੀ ਪਾਰ ਨਾ ਲੰਘਣ ਦਿੱਤਾ
29. ਉਸ ਵੇਲੇ ਮੋਆਬ ਦੇ ਦਸ ਕੁ ਹਜ਼ਾਰ ਮਨੁੱਖ ਉਨ੍ਹਾਂ ਨੇ ਵੱਢ ਸੁੱਟੇ ਜੋ ਸਾਰੇ ਮੋਟੇ ਅਤੇ ਤਕੜੇ ਜਣੇ ਸਨ ਅਰ ਉਨ੍ਹਾਂ ਵਿੱਚੋਂ ਇੱਕ ਭੀ ਨਾ ਬਚਿਆ
30. ਸੋ ਉਸ ਦਿਨ ਇਸਰਾਏਲ ਦੇ ਹੱਥ ਵਿੱਚ ਮੋਆਬ ਆਇਆ ਅਤੇ ਅੱਸੀਆਂ ਵਰਿਹਾਂ ਤੋਂੜੀਂ ਉਹ ਦੇਸ ਸੁੱਖ ਭੋਗਦਾ ਰਿਹਾ।।
31. ਉਹ ਦੇ ਪਿੱਛੋਂ ਅਨਾਥ ਦਾ ਪੁੱਤ੍ਰ ਸ਼ਮਗਰ ਉੱਠਿਆ ਅਤੇ ਉਸ ਨੇ ਫਲਿਸਤੀਆਂ ਵਿੱਚੋਂ ਛੀ ਸੌ ਮਨੁੱਖਾਂ ਨੂੰ ਬਲਦ ਦੀ ਪਾਰਇਣ ਨਾਲ ਮਾਰਿਆ ਸੋ ਉਸ ਨੇ ਭੀ ਇਸਰਾਏਲ ਨੂੰ ਬਚਾਇਆ।।

ਜੱਜ 4:1-24
1. ਏਹੂਦ ਦੇ ਮਰਨ ਦੇ ਮਗਰੋਂ ਇਸਰਾਏਲ ਨੇ ਯਹੋਵਾਹ ਦੇ ਅੱਗੇ ਫੇਰ ਬੁਰਿਆਈ ਕੀਤੀ
2. ਸੋ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਵੇਚ ਦਿੱਤਾ ਜੋ ਹਸੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਉਂ ਸੀਸਰਾ ਸੀ ਜੋ ਓਪਰੀਆਂ ਕੌਮਾਂ ਦੇ ਹਰੋਸ਼ਥ ਵਿੱਚ ਵੱਸਦਾ ਸੀ
3. ਤਾਂ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਉਸ ਦੇ ਕੋਲ ਨੌਂ ਸੌ ਰਥ ਲੋਹੇ ਦੇ ਸਨ ਅਤੇ ਉਸ ਨੇ ਵੀਹਾਂ ਵਰਿਹਾਂ ਤੀਕਰ ਇਸਰਾਏਲੀਆਂ ਨੂੰ ਡਾਢਾ ਦੁਖ ਦਿੱਤਾ।।
4. ਉਸ ਵੇਲੇ ਲੱਪੀਦੋਥ ਦੀ ਪਤਨੀ ਦਬੋਰਾਹ ਨਬੀਆ ਇਸਰਾਏਲੀਆਂ ਦਾ ਨਿਆਉਂ ਕਰਦੀ ਹੁੰਦੀ ਸੀ
5. ਉਹ ਇਫ਼ਰਾਈਮ ਦੇ ਪਹਾੜ ਵਿੱਚ ਰਾਮਹ ਅਤੇ ਬੈਤੇਲ ਦੇ ਵਿੱਚਕਾਰ ਦਬੋਰਾਹ ਦੀ ਖਜੂਰ ਦੇ ਹੇਠ ਰਹਿੰਦੀ ਸੀ ਅਤੇ ਇਸਰਾਏਲੀ ਉਸ ਦੇ ਕੋਲ ਨਿਆਉਂ ਦੇ ਲਈ ਆਉਂਦੇ ਸਨ
6. ਤਦ ਉਹ ਨੇ ਕਦਸ਼ ਨਫ਼ਤਾਲੀ ਤੋਂ ਅਬੀਨੋਅਮ ਦੇ ਪੁੱਤ੍ਰ ਬਾਰਾਕ ਨੂੰ ਸੱਦ ਘੱਲਿਆ ਅਤੇ ਉਸ ਨੂੰ ਆਖਿਆ, ਭਲਾ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਗਿਆ ਨਹੀਂ ਦਿੱਤੀ ਭਈ ਜਾਹ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਪਰੇਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ?
7. ਅਰ ਮੈਂ ਕੀਸ਼ੋਨ ਦੀ ਨਦੀ ਕੋਲ ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦਿਆਂ ਰਥਾਂ ਨੂੰ ਅਤੇ ਉਸ ਦੀ ਭੀੜ ਭਾੜ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਤੇਰੇ ਹੱਥਾਂ ਵਿੱਚ ਉਹ ਨੂੰ ਕਰ ਦਿਆਗਾਂ
8. ਬਾਰਾਕ ਨੇ ਉਹ ਨੂੰ ਆਖਿਆ, ਜੇ ਤੂੰ ਮੇਰੇ ਨਾਲ ਚੱਲੇਂਗੀ ਤਾਂ ਮੈਂ ਜਾਵਾਂਗਾ ਪਰ ਜੇ ਤੂੰ ਮੇਰੇ ਨਾਲ ਨਾ ਚੱਲੇਂ ਤਾਂ ਮੈਂ ਭੀ ਨਹੀਂ ਜਾਂਦਾ
9. ਉਹ ਬੋਲੀ, ਜ਼ਰੂਰ ਮੈਂ ਤੇਰੇ ਨਾਲ ਤੁਰਾਂਗੀ ਪਰ ਇਸ ਪੈਂਡੇ ਵਿੱਚ ਜੋ ਤੂੰ ਕਰਦਾ ਹੈਂ ਤੇਰਾ ਆਦਰ ਭਾਊ ਕੁਝ ਨਾ ਹੋਵੇਗਾ ਕਿਉਂ ਜੋ ਯਹੋਵਾਹ ਸੀਸਰਾ ਨੂੰ ਇੱਕ ਤੀਵੀਂ ਦੇ ਹੱਥ ਵੇਚ ਦੇਵੇਗਾ। ਸੋ ਦਬੋਰਾਹ ਉੱਠੀ ਅਰ ਬਾਰਾਕ ਦੇ ਨਾਲ ਕੇਦਸ਼ ਨੂੰ ਗਈ।।
10. ਬਾਰਾਕ ਨੇ ਜ਼ਬੂਲੁਨ ਅਰ ਨਫ਼ਤਾਲੀ ਨੂੰ ਕੇਦਸ਼ ਵਿੱਚ ਇਕੱਠੇ ਸੱਦ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਰ ਦਬੋਰਾਹ ਭੀ ਉਸ ਦੇ ਨਾਲ ਚੜ੍ਹੀ
11. ਹਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚੋਂ ਸੀ ਆਪਣੇ ਆਪ ਨੂੰ ਕੇਨੀਆਂ ਤੋਂ ਅੱਡ ਕੀਤਾ ਅਤੇ ਸਅਨਇਮ ਦੇ ਬਲੂਤ ਤੱਕ ਜੋ ਕੇਦਸ਼ ਦੇ ਲਾਗੇ ਹੈ ਆਪਣਾ ਤੰਬੂ ਲਾਇਆ ਸੀ
12. ਤਦ ਸੀਸਰਾ ਨੂੰ ਖਬਰ ਹੋਈ ਜੋ ਅਬੀਨੋਅਮ ਦਾ ਪੁੱਤ੍ਰ ਬਾਰਾਕ ਤਾਬੋਰ ਦੇ ਪਹਾੜ ਉੱਤੇ ਚੜ੍ਹਿਆ ਹੈ
13. ਸੀਸਰਾ ਨੇ ਆਪਣੇ ਸਾਰੇ ਰਥ ਜੋ ਲੋਹੇ ਦੇ ਨੌ ਸੌ ਰਥ ਸਨ ਅਤੇ ਆਪਣੇ ਨਾਲ ਦੇ ਸਾਰੇ ਲੋਕ ਓਪਰੀਆਂ ਕੌਮਾਂ ਦੇ ਹਰੋਸ਼ਥ ਤੋਂ ਕੀਸ਼ੋਨ ਦੀ ਨਦੀ ਤੋੜੀ ਇਕੱਠੇ ਕੀਤੇ
14. ਤਦ ਦਬੋਰਾਹ ਨੇ ਬਾਰਾਕ ਨੂੰ ਆਖਿਆ ਭਈ ਉੱਠ, ਕਿਉਂ ਜੋ ਇਹ ਉਹ ਦਿਨ ਹੈ ਜਿਸ ਦੇ ਵਿੱਚ ਯਹੋਵਾਹ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ! ਭਲਾ, ਯਹੋਵਾਹ ਤੇਰੇ ਮੋਹਰੇ ਨਹੀਂ ਨਿਕੱਲਿਆ? ਤਾਂ ਬਾਰਾਕ ਤਾਬੋਰ ਦੇ ਪਹਾੜੋਂ ਲੱਥਾ ਅਰ ਦਸ ਹਜ਼ਾਰ ਮਨੁੱਖ ਉਸ ਦੇ ਮਗਰ ਲੱਗੇ
15. ਤਾਂ ਯਹੋਵਾਹ ਨੇ ਸੀਸਰਾ ਨੂੰ ਅਤੇ ਉਹ ਦੇ ਸਾਰਿਆਂ ਰਥਾਂ ਨੂੰ ਅਤੇ ਉਹ ਦੀ ਸਾਰੀ ਫੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ਜੋ ਸੀਸਰਾ ਰਥੋਂ ਹੇਠਾਂ ਉਤਰ ਕੇ ਪੈਦਲ ਨੱਠਾ
16. ਅਤੇ ਬਾਰਾਕ ਨੇ ਫੌਜ ਅਤੇ ਰਥਾਂ ਦਾ ਪਿੱਛਾ ਓਪਰੀਆਂ ਕੌਮਾਂ ਦੇ ਹਰੋਸ਼ਥ ਤੋੜੀ ਕੀਤਾਅਤੇ ਸੀਸਰਾ ਦੀ ਸਾਰੀ ਫੌਜ ਤਲਵਾਰ ਨਾਲ ਐਉਂ ਵੱਢੀ ਕਿ ਇੱਕ ਭੀ ਨਾ ਬਚਿਆ
17. ਅਤੇ ਸੀਸਰਾ ਪੈਦਲ ਭੱਜ ਕੇ ਹਬਰ ਕੇਨੀ ਦੀ ਵਹੁਟੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਟੱਬਰ ਵਿੱਚ ਮੇਲ ਸੀ।।
18. ਤਦ ਯਾਏਲ ਸੀਸਰਾ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਨੂੰ ਬੋਲੀ, ਆਓ ਮਾਹਰਾਜ, ਮੇਰੇ ਘਰ ਆਓ ਅਰ ਡਰੋ ਨਾ। ਜਦ ਉਹ ਤੰਬੂ ਵਿੱਚ ਉਸ ਦੇ ਕੋਲ ਗਿਆ ਤਾਂ ਉਸ ਨਾ ਭੂਰੇ ਨਾਲ ਉਹ ਨੂੰ ਢੱਕ ਲਿਆ
19. ਤਾਂ ਉਹ ਨੇ ਉਸ ਨੂੰ ਆਖਿਆ, ਮੈਨੂੰ ਥੋੜਾ ਜਿਹਾ ਪਾਣੀ ਪਿਵਾ ਲੈ ਕਿਉਂ ਜੋ ਮੈਨੂੰ ਤੇਹ ਲੱਗੀ ਹੈ ਸੋ ਉਸ ਨੇ ਇੱਕ ਦੁੱਧ ਕਾੜ੍ਹਨੀ ਖੋਲ੍ਹ ਕੇ ਪਿਆਈ ਅਰ ਉਹ ਨੂੰ ਢੱਕ ਦਿੱਤਾ
20. ਫੇਰ ਉਹ ਨੇ ਉਸ ਨੂੰ ਆਖਿਆ, ਤੰਬੂ ਦੇ ਬੂਹੇ ਉੱਤੇ ਖਲੋ ਜਾ ਅਤੇ ਅਜਿਹਾ ਹੋਵੇ ਕਿ ਜਾਂ ਕੋਈ ਆਵੇ ਅਰ ਤੈਥੋਂ ਪੁੱਛੇ ਭਈ ਇੱਥੇ ਕੋਈ ਮਨੁੱਖ ਹੈ? ਤਾਂ ਤੂੰ ਆਖੀਂ, ਨਹੀਂ
21. ਤਦ ਹਬਰ ਦੀ ਵਹੁਟੀ ਯਾਏਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਮੁੰਗਲੀ ਹੱਥ ਵਿੱਚ ਲੈ ਲਈ ਅਤੇ ਮਲਕੜੇ ਉਹ ਦੇ ਕੋਲ ਜਾ ਕੇ ਉਹ ਦੀ ਪੁੜਪੁੜੀ ਵਿੱਚ ਕਿੱਲੀ ਨੂੰ ਵਾੜ ਕੇ ਅਜਿਹਾ ਠੋਕਿਆ ਜੋ ਉਹ ਧਰਤੀ ਦੇ ਵਿੱਚ ਜਾ ਖੁੱਭੀ ਇਸ ਲਈ ਜੋ ਉਹ ਥਕਾਵਟ ਤੋਂ ਘੂਕ ਸੁੱਤਾ ਪਿਆ ਸੀ, ਸੋ ਉਹ ਮਰ ਗਿਆ
22. ਅਤੇ ਵੇਖੋ, ਜਾਂ ਬਾਰਾਕ ਸੀਸਰਾ ਦੇ ਮਗਰ ਤੁਰਿਆ ਤਾਂ ਯਾਏਲ ਉਹ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਨੂੰ ਆਖਿਆ, ਆ ਅਤੇ ਤੈਨੂੰ ਮੈਂ ਉਹ ਮਨੁੱਖ ਵਿਖਾਵਾਂਗੀ ਜਿਹ ਨੂੰ ਤੂੰ ਭਾਲਦਾ ਹੈਂ ਅਤੇ ਜਦ ਉਹ ਉਸ ਦੇ ਕੋਲ ਗਿਆ ਤਾਂ ਵੇਖੋ, ਸੀਸਰਾ ਮੋਇਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ
23. ਸੋ ਉਸ ਦਿਨ ਪਰਮੇਸ਼ੁਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਹਰਾ ਦਿੱਤਾ
24. ਅਤੇ ਇਸਰਾਏਲੀਆਂ ਦਾ ਹੱਥ ਬਹੁਤ ਤਕੜਾ ਹੋਇਆ ਅਤੇ ਕਨਾਨ ਦੇ ਰਾਜਾ ਯਾਬੀਨ ਉੱਤੇ ਸਮਰਥ ਹੋਇਆ ਇੱਥੋਂ ਤੋੜੀ ਜੋ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਸੁੱਟਿਆ।।

ਜ਼ਬੂਰ 48:9-14
9. ਹੇ ਪਰਮੇਸ਼ੁਰ, ਅਸਾਂ ਤੇਰੀ ਹੈਕਲ ਦੇ ਵਿੱਚ, ਤੇਰੀ ਦਯਾ ਉੱਤੇ ਵਿਚਾਰ ਕੀਤਾ ਹੈ।
10. ਹੇ ਪਰਮੇਸ਼ੁਰ, ਜਿਵੇਂ ਤੇਰਾ ਨਾਮ, ਤਿਵੇਂ ਤੇਰੀ ਉਸਤਤ ਧਰਤੀ ਦੇ ਬੰਨਿਆਂ ਤੀਕ ਹੈ, ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ।
11. ਤੇਰੇ ਨਿਆਵਾਂ ਦੇ ਕਾਰਨ ਸੀਯੋਨ ਪਰਬਤ ਅੰਨਦ ਹੋਵੇ, ਯਹੂਦਾਹ ਦੀਆਂ ਧੀਆਂ ਖੁਸ਼ੀਆਂ ਮਨਾਉਣ!।।
12. ਸੀਯੋਨ ਦੇ ਚੁਫੇਰੇ ਫਿਰੋ ਅਤੇ ਉਹ ਦੀ ਪਰਦੱਖਣਾ ਕਰੋ, ਉਹ ਦੇ ਬੁਰਜਾਂ ਨੂੰ ਗਿਣੋ।
13. ਉਹ ਦੇ ਧੂੜਕੋਟ ਨੂੰ ਦਿਲ ਲਾ ਕੇ ਵੇਖੋ, ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ ਭਈ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸੱਕੋ।
14. ਇਹੋ ਪਰਮੇਸ਼ੁਰ ਤਾਂ ਜੁੱਗੋ ਜੁਗ ਸਾਡਾ ਪਰਮੇਸ਼ੁਰ ਹੈ, ਮੌਤ ਤੀਕ ਵੀ ਉਹੋ ਸਾਡਾ ਆਗੂ ਰਹੇਗਾ!।।

ਕਹਾਉਤਾਂ 14:18-19
18. ਭੋਲਿਆਂ ਲੋਕਾਂ ਦੇ ਵੰਡੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ।
19. ਭੈੜੇ ਭਲਿਆਂ ਦੇ ਅੱਗੇ ਨਿਉਂਦੇ ਹਨ, ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ।

ਲੂਕਾ 14:25-35
25. ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ
26. ਜੇ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਓਹ ਮੇਰਾ ਚੇਲਾ ਨਹੀਂ ਹੋ ਸੱਕਦਾ
27. ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ
28. ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?
29. ਕਿਤੇ ਐਉਂ ਨਾ ਹੋਵੇ ਕਿ ਜਾਂ ਉਸ ਨੇ ਨੀਉਂ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸ ਉੱਤੇ ਸਭ ਹੱਸਣ ਲੱਗ ਪੈਣ
30. ਕਿ ਇਹ ਮਨੁੱਖ ਮਕਾਨ ਬਣਾਉਣ ਲੱਗਾ ਪਰ ਪੂਰਾ ਨਾ ਕਰ ਸੱਕਿਆ!
31. ਯਾ ਕਿਹੜਾ ਰਾਜਾ ਹੈ ਕਿ ਜਾਂ ਦੂਏ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਭਈ ਕੀ ਮੈ ਦਸ ਹਜ਼ਾਰ ਨਾਲ ਉਹ ਦਾ ਸਾਹਮਣਾ ਕਰ ਸੱਕਦਾ ਹਾਂ ਜਿਹ ਨੇ ਵੀਹ ਹਜ਼ਾਰ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ?
32. ਜੇ ਨਹੀਂ ਤਾਂ ਦੂਏ ਦੇ ਅਜੇ ਦੂਰ ਹੁੰਦਿਆਂ ਉਹ ਵਕੀਲ ਘੱਲ ਕੇ ਮੇਲ ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ
33. ਸੋ ਇਸੇ ਤਰਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ
34. ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਾਹ ਦੇ ਨਾਲ ਸੁਆਦੀ ਕੀਤਾ ਜਾਵੇ?
35. ਉਹ ਨਾ ਖੇਤ ਨਾ ਰੂੜੀ ਦੇ ਕੰਮ ਦਾ ਹੈ। ਲੋਕ ਉਹ ਨੂੰ ਬਾਹਰ ਸੁੱਟ ਦਿੰਦੇ ਹਨ। ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ।।