A A A A A
ਇਕ ਸਾਲ ਵਿਚ ਬਾਈਬਲ
ਮਾਰਚ 3

ਨੰਬਰ 3:1-51
1. ਏਹ ਹਾਰੂਨ ਅਰ ਮੂਸਾ ਦੀ ਕੁਲ ਪੱਤ੍ਰੀ ਹੈ ਜਿਸ ਦਿਨ ਯਹੋਵਾਹ ਸੀਨਈ ਪਹਾੜ ਉੱਤੇ ਮੂਸਾ ਨਾਲ ਬੋਲਿਆ
2. ਅਤੇ ਏਹ ਹਾਰੂਨ ਦੇ ਪੁੱਤ੍ਰਾਂ ਦੇ ਨਾਉਂ ਹਨ,- ਪਲੋਠਾ ਨਾਦਾਬ ਅਰ ਅਬੀਹੂ ਅਰ ਅਲਆਜ਼ਾਰ ਅਰ ਈਥਾਮਾਰ
3. ਏਹ ਹਾਰੂਨ ਦੇ ਪੁੱਤ੍ਰਾਂ ਦੇ ਨਾਉਂ ਹਨ, ਓਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿੰਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ
4. ਨਾਦਾਬ ਅਰ ਅਬੀਹੂ ਯਹੋਵਾਹ ਦੇ ਸਨਮੁਖ ਮਰ ਗਏ ਜਦ ਓਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁਖ ਓਪਰੀ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤ੍ਰ ਨਹੀਂ ਸਨ ਸੋ ਅਲਆਜ਼ਾਰ ਅਰ ਈਥਾਮਾਰ ਆਪਣੇ ਪਿਤਾ ਹਾਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।।
5. ਯਹੋਵਾਹ ਮੂਸਾ ਨੂੰ ਬੋਲਿਆ
6. ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜਾ ਕਰ ਤਾਂ ਜੋ ਓਹ ਉਸ ਦੀ ਸੇਵਾ ਕਰਨ
7. ਅਤੇ ਓਹ ਉਸ ਦਾ ਫਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮੰਡਲੀ ਦੇ ਤੰਬੂ ਦੇ ਅੱਗੇ ਪੂਰਾ ਕਰਨ ਭਈ ਓਹ ਡੇਹਰੇ ਦੀ ਟਹਿਲ ਸੇਵਾ ਕਰਨ
8. ਅਤੇ ਉਹ ਮੰਡਲੀ ਦੇ ਤੰਬੂ ਦਾ ਸਾਰਾ ਸਾਮਾਨ ਸਮਾਲ੍ਹਣ ਨਾਲੇ ਇਸਰਾਏਲੀਆਂ ਦਾ ਫਰਜ ਪੂਰਾ ਕਰਨ ਜਦ ਓਹ ਡੇਹਰੇ ਦੀ ਟਹਿਲ ਸੇਵਾ ਕਰਨ
9. ਅਤੇ ਤੂੰ ਲੇਵੀਆਂ ਨੂੰ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਦੇਈ। ਏਹ ਪੂਰੀ ਤੌਰ ਨਾਲ ਇਸਰਾਏਲੀਆਂ ਵਿੱਚੋਂ ਉਨ੍ਹਾਂ ਨੂੰ ਦਿੱਤੇ ਗਏ ਹਨ
10. ਤੂੰ ਹਾਰੂਨ ਅਰ ਉਸਦੇ ਪੁੱਤ੍ਰਾਂ ਨੂੰ ਠਹਿਰਾਈਂ ਤਾਂ ਜੋ ਓਹ ਆਪਣੀ ਜਾਜਕਾਈ ਸਾਂਭਣ ਪਰ ਓਪਰਾ ਜਿਹੜਾ ਨੇੜੇ ਆਵੇ ਮਾਰਿਆ ਜਾਵੇ।।
11. ਫਿਰ ਯਹੋਵਾਹ ਮੂਸਾ ਨੂੰ ਬੋਲਿਆ
12. ਮੈਂ, ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਲੋਠਿਆਂ ਦੇ ਥਾਂ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਲੈ ਲਿਆ ਹੈ ਸੋ ਇਉਂ ਲੇਵੀ ਮੇਰੇ ਹੋਣਗੇ
13. ਕਿਉਂ ਜੋ ਹਰ ਇੱਕ ਪਲੌਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਲੋਠਾ ਮਾਰਿਆ। ਮੈਂ ਆਪਣੇ ਲਈ ਹਰ ਇੱਕ ਪਲੌਠਾ ਇਸਰਾਏਲ ਵਿੱਚ ਆਦਮੀ ਤੋਂ ਲੈ ਕੇ ਡੰਗਰ ਤੀਕ ਪਵਿੱਤ੍ਰ ਕੀਤਾ, ਓਹ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।।
14. ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ,
15. ਲੇਵੀਆਂ ਨੂੰ ਗਿਣ। ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਦੇ ਅਨੁਸਾਰ ਗਿਣ। ਹਰ ਨਰ ਇੱਕ ਮਹੀਨੇ ਤੋਂ ਉੱਪਰ ਦਾ ਗਿਣੀ
16. ਉਪਰੰਤ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਗਿਣਿਆ
17. ਏਹ ਲੇਵੀ ਦੇ ਪੁੱਤ੍ਰਾਂ ਦੇ ਨਾਉਂ ਸਨ,- ਗੇਰਸ਼ੋਨ, ਕਹਾਥ ਅਰ ਮਰਾਰੀ
18. ਏਹ ਗੇਰਸ਼ੋਨ, ਦੇ ਪੁੱਤ੍ਰਾਂ ਦੇ ਨਾਉਂ ਹਨ ਉਨ੍ਹਾਂ ਦੇ ਟੱਬਰਾਂ ਅਨੁਸਾਰ ਲਿਬਨੀ, ਅਰ ਸ਼ੀਮਈ
19. ਕਹਾਥ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,- ਅਮਰਾਮ, ਯਿਸਹਾਰ, ਹਬਰੋਨ ਅਰ ਉੱਜੀਏਲ
20. ਮਰਾਰੀ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,- ਮਹਲੀ ਅਰ ਮੂਸ਼ੀ। ਏਹ ਲੇਵੀ ਦੇ ਟੱਬਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਹਨ
21. ਲਿਬਨੀਆਂ ਦਾ ਟੱਬਰ ਅਤੇ ਸ਼ਿਮਈਆਂ ਦਾ ਟੱਬਰ ਗੇਰਸ਼ੋਨ ਦੇ ਹਨ। ਏਹ ਗੇਰਸ਼ੋਨੀਆਂ ਦੇ ਟੱਬਰ ਹਨ
22. ਅਤੇ ਨਰ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ
23. ਗੇਰਸ਼ੋਨੀਆਂ ਦੇ ਟੱਬਰ ਡੇਹਰੇ ਦੇ ਪਿੱਛੇ ਲਹਿੰਦੇ ਪਾਸੇ ਡੇਰਾ ਲਾਉਣ
24. ਅਤੇ ਗੇਰਸ਼ੋਨੀਆਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਲਾਏਲ ਦਾ ਪੁੱਤ੍ਰ ਅਲਯਾਸਾਫ ਹੋਵੇ
25. ਗੇਰਸ਼ੋਨੀਆਂ ਦੀ ਜ਼ੁੰਮੇਵਾਰੀ ਵਿੱਚ ਮੰਡਲੀ ਦੇ ਤੰਬੂ ਵਿੱਚ ਡੇਹਰਾ ਅਤੇ ਤੰਬੂ, ਉਹ ਦਾ ਢੱਕਣ ਅਤੇ ਮੰਡਲੀ ਦੇ ਦਰਵੱਜੇ ਦੀ ਓਟ ਹੋਣ
26. ਨਾਲੇ ਹਾਤੇ ਦੀ ਕਨਾਤ ਅਤੇ ਹਾਤੇ ਦੇ ਦਰਵੱਜੇ ਦੀ ਓਟ ਜਿਹੜਾ ਡੇਹਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ ਦੁਆਲੇ ਅਤੇ ਓਹ ਦੀਆਂ ਲਾਸਾਂ ਓਹ ਦੀ ਸਾਰੀ ਟਹਿਲ ਸੇਵਾ ਲਈ।।
27. ਕਹਾਥ ਵਿੱਚੋਂ ਅਮਰਾਮੀਆਂ ਦਾ ਟੱਬਰ ਅਤੇ ਯਿਸਹਾਰੀਆਂ ਦਾ ਟੱਬਰ ਅਤੇ ਹਬਰੋਨੀਆਂ ਦਾ ਟੱਬਰ ਉੱਜ਼ੀਏਲੀਆਂ ਦਾ ਟੱਬਰ ਸਨ। ਏਹ ਕਹਾਥ ਦੇ ਸਨ
28. ਸਾਰੇਂ ਨਰਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤ੍ਰ ਅਸਥਾਨ ਦੇ ਜ਼ੁੰਮੇਵਾਰ ਸਨ
29. ਕਹਾਥੀਆਂ ਦੇ ਟੱਬਰ ਡੇਹਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ
30. ਅਤੇ ਕਹਾਥੀਆਂ ਦੇ ਟੱਬਰ ਅਨੁਸਾਰ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਉੱਜੀਏਲ ਦਾ ਪੁੱਤ੍ਰ ਅੱਲੀਸਾਫਾਨ ਹੋਵੇ
31. ਉਨ੍ਹਾਂ ਦੀ ਜ਼ੁੰਮੇਵਾਰੀ ਇੱਕ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਰ ਪਵਿੱਤ੍ਰ ਅਸਥਾਨ ਦਾ ਸਮਾਨ ਜਿਨ੍ਹਾਂ ਨਾਲ ਓਹ ਸੇਵਾ ਕਰਦੇ ਹਨ ਅਰ ਓਟ ਅਰ ਉਹ ਦੀ ਸਾਰੀ ਟਹਿਲ ਸੇਵਾ ਹੋਣ
32. ਅਤੇ ਲੇਵੀਆਂ ਦੇ ਸਰਦਾਰਾਂ ਦਾ ਸਰਦਾਰ ਹਾਰੂਨ ਜਾਜਕ ਦਾ ਪੁੱਤ੍ਰ ਅਲਆਜ਼ਾਰ ਹੋਵੇ ਅਤੇ ਉਹ ਪਵਿੱਤ੍ਰ ਅਸਥਾਨ ਦੇ ਸਮਾਲ੍ਹਣ ਵਾਲਿਆਂ ਦੀ ਵੇਖਭਾਲ ਕਰੇਂ
33. ਮਹਲੀਆਂ ਦਾ ਟੱਬਰ ਅਤੇ ਮੂਸ਼ੀਆਂ ਦਾ ਟੱਬਰ ਮਰਾਰੀ ਦੇ ਸਨ। ਏਹ ਮਰਾਰੀ ਦੇ ਟੱਬਰ ਸਨ
34. ਸਾਰੇ ਨਰਾਂ ਦੀ ਗਿਣਤੀ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਛੇ ਹਜ਼ਾਰ ਦੋ ਸੌ ਸਨ
35. ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਅਬੀਹਾਯਿਲ ਦਾ ਪੁੱਤ੍ਰ ਸੂਰੀਏਲ ਹੋਵੇ। ਡੇਹਰੇ ਦੇ ਉੱਤਰ ਵੱਲ ਓਹ ਆਪਣਾ ਡੇਰਾ ਲਾਉਣ
36. ਮਰਾਰੀਆਂ ਦੀ ਵੇਖ ਭਾਲ ਦੀ ਜੁੰਮੇਵਾਰੀ ਵਿੱਚ ਡੇਹਰੇ ਦੀਆਂ ਫੱਟੀਆਂ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ ਅਰ ਉਸ ਦਾ ਸਾਰਾ ਸਮਾਨ ਅਰ ਉਸ ਦੀ ਸਾਰੀ ਸੇਵਾ ਹੋਣ
37. ਨਾਲੇ ਹਾਤੇ ਦੇ ਆਲੇ ਦੁਆਲੇ ਦੀਆਂ ਥੰਮ੍ਹੀਆਂ ਅਰ ਉਨ੍ਹਾਂ ਦੀਆਂ ਚੀਥੀਆਂ ਅਰ ਉਨ੍ਹਾਂ ਦੀਆਂ ਕੀਲੀਆਂ ਅਰ ਉਨ੍ਹਾਂ ਦੀਆਂ ਲਾਸਾਂ।।
38. ਜਿਹੜੇ ਡੇਹਰੇ ਦੇ ਸਾਹਮਣੇ ਪੂਰਬ ਵੱਲ ਮੰਡਲੀ ਦੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ ਸੋ ਮੂਸਾ ਅਰ ਹਾਰੂਨ ਅਰ ਉਹ ਦੇ ਪੁੱਤ੍ਰ ਹੋਣ ਤਾਂ ਜੋ ਓਹ ਪਵਿੱਤ੍ਰ ਅਸਥਾਨ ਦੀ ਉਸ ਜੁੰਮੇਵਾਰੀ ਦੇ ਸੰਭਾਲ ਹੋਣ ਜਿਹੜੀ ਇਸਰਾਏਲੀਆਂ ਲਈ ਜੁੰਮੇਵਾਰੀ ਹੈ ਪਰ ਜੇ ਕੋਈ ਓਪਰਾ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ
39. ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਨਰ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਬਾਈ ਹਜ਼ਾਰ ਸੀ।।
40. ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਲੋਠੇ ਨਰ ਗਿਣ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ
41. ਤੂੰ ਲੇਵੀਆਂ ਨੂੰ ਮੇਰੇ ਲਈ, ਮੈਂ ਜੋ ਯਹੋਵਾਹ ਹਾਂ, ਇਸਰਾਏਲੀਆਂ ਦੇ ਸਾਰੇ ਪਲੌਠੀਆਂ ਦੇ ਥਾਂ, ਨਾਲੇ ਲੇਵੀਆਂ ਦੇ ਡੰਗਰ ਦੇ ਇਸਰਾਏਲੀਆਂ ਦੇ ਡੰਗਰਾਂ ਦੇ ਪਲੋਠਿਆਂ ਦੇ ਥਾਂ ਲੈ ਲਈਂ
42. ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਲੋਠੇ ਗਿਣੇ
43. ਅਤੇ ਸਾਰੇ ਨਰ ਪਲੋਠਿਆਂ ਦੇ ਨਾਮਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਉਨ੍ਹਾਂ ਦੇ ਗਿਣੇ ਹੋਇਆਂ ਵਿੱਚੋਂ ਬਾਈ ਹਜ਼ਾਰ ਦੋ ਸੌ ਤਿਹੱਤ੍ਰ ਸੀ।।
44. ਯਹੋਵਾਹ ਮੂਸਾ ਨੂੰ ਬੋਲਿਆ,
45. ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਲੋਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਉਂ ਲੇਵੀ ਮੇਰੇ ਲਈ ਹੋਣਗੇ। ਮੈਂ ਯਹੋਵਾਹ ਹਾਂ
46. ਅਤੇ ਉਨ੍ਹਾਂ ਦੋ ਸੌ ਤਿਹੱਤ੍ਰਾਂ ਇਸਰਾਏਲੀ ਪਲੋਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ
47. ਤੂੰ ਪੰਜ ਪੰਜ ਰੁਪਏ ਸਿਰਾਂ ਪਰਤੀ ਪਵਿੱਤ੍ਰ ਅਸਥਾਨ ਦੇ ਸ਼ਕਲ ਦੇ ਅਨੁਸਾਰ ਲਵੀਂ (ਅਰਥਾਤ ਇੱਕ ਸ਼ਕਲ ਵੀਹ ਗੇਰਾਹ ਦਾ ਹੋਵੇ)
48. ਤੂੰ ਉਹ ਚਾਂਦੀ ਹਾਰੂਨ ਅਰ ਉਹ ਦੇ ਪੁੱਤ੍ਰਾਂ ਨੂੰ ਦੇਈਂ। ਉਹ ਉਨ੍ਹਾਂ ਦੇ ਛੁਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ
49. ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ ਲਈ
50. ਇਸਰਾਏਲ ਦੇ ਪਲੋਠਿਆਂ ਤੋਂ ਉਸ ਨੇ ਏਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌਂ ਪੈਂਹਟ ਰੁਪਏ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ
51. ਤਾਂ ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।।

ਨੰਬਰ 4:1-49
1. ਯਹੋਵਾਹ ਮੂਸਾ ਅਰ ਹਾਰੂਨ ਨੂੰ ਬੋਲਿਆ,
2. ਲੇਵੀਆਂ ਦੇ ਵਿੱਚੋਂ ਕਹਾਥੀਆਂ ਦੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣਤੀ ਕਰੋ
3. ਤੀਹ ਵਰਿਹਾਂ ਤੋਂ ਪੰਜਾਹ ਵਰਿਹਾਂ ਤੀਕ ਸਾਰੇ ਜਿਹੜੇ ਸੇਵਾ ਕਰਨ ਜੋਗ ਹੋਣ ਓਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ
4. ਕਹਾਥੀਆਂ ਦੀ ਸੇਵਾ ਮੰਡਲੀ ਦੇ ਤੰਬੂ ਵਿੱਚ ਅੱਤ ਪਵਿੱਤ੍ਰ ਚੀਜ਼ਾਂ ਵਿਖੇ ਏਹ ਹੈ-
5. ਹਾਰੂਨ ਅਰ ਉਸ ਦੇ ਪੁੱਤ੍ਰ ਕੂਚ ਦੇ ਵੇਲੇ ਅੰਦਰ ਜਾਣ ਅਤੇ ਓਟ ਦਾ ਪੜਦਾ ਲਾਹੁਣ ਅਤੇ ਉਸ ਵਿੱਚ ਸਾਖੀ ਦੇ ਸੰਦੂਕ ਨੂੰ ਲਪੇਟਣ
6. ਨਾਲੇ ਬੱਕਰਿਆਂ ਦੀਆਂ ਖੱਲਾਂ ਦਾ ਢੱਕਣ ਉਸ ਉੱਤੇ ਰੱਖਣ ਅਰ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾਉਣ ਅਰ ਉਸ ਦੀਆਂ ਚੋਬਾਂ ਪਾਉਣ
7. ਫੇਰ ਹਜ਼ੂਰੀ ਦੀ ਰੋਟੀ ਦੀ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ ਅਰ ਕੌਲੀਆਂ ਅਰ ਗੜਵੇ ਅਰ ਪੀਣ ਦੀਆਂ ਭੇਟਾਂ ਦੇ ਅਰਘੇ ਰੱਖਣ ਅਤੇ ਹਮੇਸ਼ਗੀ ਦੀ ਰੋਟੀ ਉਸ ਉੱਤੇ ਪਈ ਰਹੇ
8. ਉਨ੍ਹਾਂ ਦੇ ਉੱਤੇ ਕਿਰਮਚੀ ਕੱਪੜੇ ਵਿਛਾਉਣ ਅਤੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਦੇ ਢੱਕਣ ਨਾਲ ਕੱਜਣ ਅਤੇ ਉਸ ਦੀਆਂ ਚੋਬਾਂ ਪਾਉਣ
9. ਫੇਰ ਓਹ ਨੀਲਾ ਕੱਪੜਾ ਲੈ ਕੇ ਚਾਨਣ ਦੇਣ ਵਾਲਾ ਸ਼ਮਾਦਾਨ ਢੱਕਣ ਨਾਲੇ ਉਸ ਦੇ ਦੀਵੇ ਉਸ ਗੁਲ ਤਰਾਸ਼, ਉਸ ਦੇ ਗੁਲ ਦਾਨ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਓਹ ਉਸ ਦੀ ਸੇਵਾ ਕਰਦੇ ਹਨ
10. ਤਾਂ ਉਸ ਦੇ ਸਾਰੇ ਸਮਾਨ ਸਣੇ ਬੱਕਰਿਆਂ ਦੀਆ ਖੱਲਾਂ ਦੇ ਢੱਕਣ ਵਿੱਚ ਰੱਖਣ ਅਤੇ ਓਹ ਉਸ ਨੂੰ ਚੋਬਾਂ ਉੱਤੇ ਧਰਨ
11. ਸੋਨੇ ਦੀ ਜਗਵੇਦੀ ਉੱਤੇ ਨੀਲਾ ਕੱਪੜਾ ਵਿਛਾਉਣ ਤੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਦੇ ਢੱਕਣ ਵਿੱਚ ਕੱਜਣ ਅਤੇ ਉਸ ਦੀਆਂ ਚੋਬਾਂ ਪਾਉਣ
12. ਫੇਰ ਓਹ ਓਪਾਸਨਾ ਦੀ ਸੇਵਾ ਦੇ ਸਾਰੇ ਭਾਡੇਂ ਜਿੰਨਾਂ ਨਾਲ ਓਹ ਪਵਿੱਤ੍ਰ ਅਸਥਾਨ ਵਿੱਚ ਉਪਾਸਨਾ ਕਰਦੇ ਹਨ ਲੈ ਕੇ ਨੀਲੇ ਕੱਪੜੇ ਵਿੱਚ ਪਾਉਣ ਅਤੇ ਉਨ੍ਹਾਂ ਨੂੰ ਬੱਕਰਿਆਂ ਦੀਆਂ ਖੱਲਾਂ ਦੇ ਢੱਕਣ ਵਿੱਚ ਕੱਜਣ ਅਰ ਉਨ੍ਹਾਂ ਨੂੰ ਚੋਬਾਂ ਉੱਤੇ ਰੱਖਣ
13. ਤਾਂ ਓਹ ਜਗਵੇਦੀ ਦੀ ਸੁਆਹ ਕੱਢ ਕੇ ਉਸ ਉੱਤੇ ਬੈਂਗਣੀ ਕੱਪੜਾ ਵਿਛਾਉਣ
14. ਅਤੇ ਉਸ ਉੱਤੇ ਸਾਰੇ ਭਾਂਡੇ ਰੱਖਣ ਜਿੰਨ੍ਹਾਂ ਨਾਲ ਓਹ ਉਸ ਉੱਤੇ ਉਪਾਸਨਾ ਕਰਦੇ ਹਨ ਅਰਥਾਤ ਅੰਗੀਠੀਆਂ, ਤ੍ਰਿਸੂਲੀਆਂ, ਕੜਛੇ, ਬਾਟੀਆਂ ਅਰ ਜਗਵੇਦੀ ਦਾ ਸਾਰਾ ਸਾਮਾਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆਂ ਖੱਲਾਂ ਦਾ ਢੱਕਣ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ
15. ਜਦ ਹਾਰੂਨ ਅਰ ਉਸ ਦੇ ਪੁੱਤ੍ਰ ਪਵਿੱਤ੍ਰ ਅਸਥਾਨ ਅਤੇ ਉਸ ਦੇ ਸਾਰੇ ਸਾਮਾਨ ਦੇ ਕੱਜਣ ਦਾ ਕੰਮ ਕਰ ਚੁੱਕਣ ਅਤੇ ਜਦ ਡੇਰੇ ਦਾ ਕੂਚ ਹੋਣ ਵਾਲਾ ਹੋਵੇ, ਓਦੋਂ ਹੀ ਕਹਾਥੀ ਆਣ ਕੇ ਉਹ ਨੂੰ ਚੁੱਕਣ, ਪਰ ਓਹ ਕਿਸੇ ਪਵਿੱਤ੍ਰ ਵਸਤ ਨੂੰ ਨਾ ਛੋਹਣ ਮਤੇ ਓਹ ਮਰ ਜਾਂਣ! ਮੰਡਲੀ ਦੇ ਤੰਬੂ ਵਿੱਚੋਂ ਏਹ ਭਾਰ ਕਹਾਥੀਆਂ ਦਾ ਹੈ
16. ਹਾਰੂਨ ਜਾਜਕ ਦੇ ਪੁੱਤ੍ਰ ਅਲਆਜ਼ਾਰ ਦੀ ਏਹ ਜੁੰਮੇਵਾਰੀ ਹੈ ਕਿ ਚਾਨਣੇ ਦਾ ਤੇਲ, ਸੁਗੰਧੀ ਧੂਪ, ਹਮੇਸ਼ਗੀ ਦੀ ਮੈਦੇ ਦੀ ਭੇਟ ਅਰ ਮਸਹ ਕਰਨ ਦਾ ਤੇਲ ਅਰਥਾਤ ਸਾਰੇ ਡੇਹਰੇ ਦੀ ਅਤੇ ਜੋ ਕੁਝ ਉਸ ਵਿੱਚ ਹੈ ਨਾਲੇ ਪਵਿੱਤ੍ਰ ਅਸਥਾਨ ਅਤੇ ਉਸ ਦੇ ਸਾਮਾਨ ਦੀ ਵੇਖ ਭਾਲ ਕਰੇ।।
17. ਫੇਰ ਯਹੋਵਾਹ ਮੂਸਾ ਅਰ ਹਾਰੂਨ ਨੂੰ ਬੋਲਿਆ,
18. ਤੁਸੀਂ ਕਹਾਥੀਆਂ ਦਿਆਂ ਟੱਬਰਾਂ ਦਿਆਂ ਗੋਤਾਂ ਨੂੰ ਲੇਵੀਆਂ ਦੇ ਵਿੱਚੋਂ ਨਾਸ ਨਾ ਹੋਣ ਦੇਣਾ
19. ਪਰ ਤੁਸੀਂ ਉਨ੍ਹਾਂ ਲਈ ਏਹ ਕਰੋ ਤਾਂ ਜੋ ਓਹ ਜੀਉਣ ਅਰ ਨਾ ਮਰਨ। ਜਦ ਓਹ ਅੱਤ ਪਵਿੱਤ੍ਰ ਚੀਜ਼ਾਂ ਕੋਲ ਜਾਣ ਤਾਂ ਹਾਰੂਨ ਅਰ ਉਸ ਦੇ ਪੁੱਤ੍ਰ ਅੰਦਰ ਜਾ ਕੇ ਉਨ੍ਹਾਂ ਦੇ ਹਰ ਇੱਕ ਮਨੁੱਖ ਲਈ ਉਸ ਦੀ ਟਹਿਲ ਸੇਵਾ ਅਤੇ ਉਸ ਦਾ ਭਾਰ ਠਹਿਰਾਉਣ
20. ਓਹ ਇੱਕ ਪਲ ਲਈ ਵੀ ਅੰਦਰ ਜਾ ਕੇ ਪਵਿੱਤ੍ਰ ਅਸਥਾਨ ਨੂੰ ਨਾ ਵੇਖਣ ਮਤੇ ਓਹ ਮਰ ਜਾਣ! ।।
21. ਯਹੋਵਾਹ ਮੂਸਾ ਨੂੰ ਬੋਲਿਆ,
22. ਗੇਰਸ਼ੋਨੀਆਂ ਦੀ ਵੀ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਤੇ ਟੱਬਰ ਅਨੁਸਾਰ ਗਿਣਤੀ ਕਰ
23. ਤੀਹ ਵਰਿਹਾਂ ਤੋਂ ਉੱਪਰ ਪੰਜਾਹ ਵਰਿਹਾਂ ਤੀਕ ਤੂੰ ਉਨ੍ਹਾਂ ਨੂੰ ਗਿਣ, ਓਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਜੋਗ ਹੋਣ ਤਾਂ ਜੋ ਓਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ
24. ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ, - ਅਰਥਾਤ ਭਾਰ ਚੁੱਕਣ ਦੀ ਟਹਿਲ ਸੇਵਾ ਏਹ ਹੈ,
25. ਓਹ ਡੇਹਰੇ ਦੇ ਪੜਦਿਆਂ ਨੂੰ ਚੁੱਕਣ ਨਾਲੇ ਮੰਡਲੀ ਦਾ ਤੰਬੂ, ਉਸ ਦੇ ਢੱਕਣ ਸਣੇ ਅਤੇ ਬੱਕਰਿਆਂ ਦੀਆਂ ਖੱਲਾਂ ਦਾ ਢੱਕਣ ਜਿਹੜਾ ਉਸ ਉੱਤੇ ਹੈ ਅਤੇ ਮੰਡਲੀ ਦੇ ਤੰਬੂ ਦੇ ਦਰਵੱਜੇ ਦੀ ਓਟ
26. ਅਤੇ ਹਾਤੇ ਦੀਆਂ ਕਨਾਤਾਂ ਅਤੇ ਹਾਤੇ ਦੇ ਫਾਟਕ ਦੇ ਦਰਵੱਜੇ ਦੀ ਓਟ ਜਿਹੜੀ ਡੇਹਰੇ ਅਰ ਜਗਵੇਦੀ ਦੇ ਕੋਲ ਆਲੇ ਦੁਆਲੇ ਹੈ ਅਤੇ ਉਨ੍ਹਾਂ ਦੀਆਂ ਲਾਸਾਂ ਅਰ ਉਨ੍ਹਾਂ ਦੀ ਸੇਵਾ ਦਾ ਸਾਰਾ ਸਾਮਾਨ ਅਤੇ ਸਭ ਕੁਝ ਜੋ ਉਨ੍ਹਾਂ ਲਈ ਕਰਨਾ ਹੋਵੇ ਸੋ ਓਹ ਏਹ ਟਹਿਲ ਸੇਵਾ ਕਰਨ
27. ਹਾਰੂਨ ਅਰ ਉਸ ਦੇ ਪੁਤ੍ਰਾਂ ਦੇ ਹੁਕਮ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਹੋਵੇ ਅਰਥਾਤ ਉਨ੍ਹਾਂ ਦਾ ਸਾਰਾ ਭਾਰ ਅਤੇ ਟਹਿਲ ਸੇਵਾ। ਇਉਂ ਤੁਸੀਂ ਉਨ੍ਹਾਂ ਦੇ ਉੱਤੇ ਉਨ੍ਹਾਂ ਦੇ ਸਾਰੇ ਭਾਰਾਂ ਦੀ ਜੁੰਮੇਵਾਰੀ ਠਹਿਰਾਓ
28. ਮੰਡਲੀ ਦੇ ਤੰਬੂ ਵਿੱਚ ਏਹ ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਹੋਵੇਗੀ ਅਤੇ ਹਾਰੂਨ ਜਾਜਕ ਦੇ ਪੁੱਤ੍ਰ ਈਥਾਮਾਰ ਦੇ ਇਖ਼ਤਿਆਰ ਵਿੱਚ ਉਨ੍ਹਾਂ ਦੀ ਵੇਖ ਭਾਲ ਹੋਵੇਗੀ।।
29. ਮਰਾਰੀਆਂ ਨੂੰ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣਨਾ
30. ਤੀਹ ਵਰਿਹਾਂ ਤੋਂ ਉੱਪਰ ਪੰਜਾਹ ਵਰਿਹਾਂ ਤੀਕ ਤੂੰ ਓਹਨਾਂ ਨੂੰ ਗਿਣ, ਓਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਜੋਗ ਹੋਣ ਤਾਂ ਜੋ ਓਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ
31. ਭਾਰਾਂ ਲਈ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਜੁੰਮੇਵਾਰੀ ਏਹ ਹੈ,- ਡੇਹਰੇ ਦੀਆਂ ਫੱਟੀਆਂ,ਉਸ ਦੇ ਹੋੜੇ,ਉਸ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ
32. ਅਤੇ ਹਾਤੇ ਦੇ ਆਲੇ ਦੁਆਲੇ ਦੀਆਂ ਥੰਮ੍ਹੀਆਂ, ਉਨ੍ਹਾਂ ਦੀਆਂ ਚੀਥੀਆਂ, ਉਨ੍ਹਾਂ ਦੀਆਂ ਕੀਲੀਆਂ, ਉਨ੍ਹਾਂ ਦੀਆਂ ਲਾਸਾਂ, ਉਨ੍ਹਾਂ ਦਾ ਸਾਰਾ ਸਾਮਾਨ ਅਤੇ ਉਨ੍ਹਾਂ ਦੀ ਸਾਰੀ ਟਹਿਲ ਸੇਵਾ। ਤੁਸੀਂ ਨਾਮਾਂ ਪਰਤੀ ਸਾਮਾਨ ਚੁੱਕਣ ਦੀ ਜੁਮੇਵਾਰੀ ਉਨ੍ਹਾਂ ਦੀ ਠਹਿਰਾਓ
33. ਏਹ ਮਰਾਰੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਟਹਿਲ ਸੇਵਾ ਅਨੁਸਾਰ ਹੋਵੇ ਅਤੇ ਹਾਰੂਨ ਜਾਜਕ ਦੇ ਪੁੱਤ੍ਰ ਈਥਾਮਾਰ ਦੇ ਹੱਥ ਵਿੱਚ ਹੋਵੇ ।।
34. ਫੇਰ ਮੂਸਾ ਅਰ ਹਾਰੂਨ ਅਰ ਮੰਡਲੀ ਦੇ ਪਰਧਾਨਾਂ ਨੇ ਕਹਾਥੀਆਂ ਨੂੰ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣਿਆਂ
35. ਤੀਹ ਵਰਿਹਾਂ ਤੋਂ ਉੱਪਰ ਪੰਜਾਹ ਵਰਿਹਾਂ ਤੀਕ ਸਾਰੇ ਜਿਹੜੇ ਸੇਵਾ ਕਰਨ ਜੋਗ ਹੋਣ ਓਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ
36. ਓਹ ਉਨ੍ਹਾਂ ਦੇ ਟੱਬਰਾਂ ਅਨੁਸਾਰ ਜਿਹੜੇ ਗਿਣੇ ਗਏ ਦੋ ਹਜ਼ਾਰ ਸੱਤ ਸੌ ਪੰਜਾਹ ਸਨ
37. ਕਹਾਥੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਦੇ ਸਨ ਜਿੰਨ੍ਹਾਂ ਨੂੰ ਮੂਸਾ ਅਰ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ।।
38. ਗੇਰਸ਼ੋਨੀ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ
39. ਤੀਹ ਵਰਿਹਾਂ ਤੋਂ ਉੱਪਰ ਪੰਜਾਹ ਵਰਿਹਾਂ ਤੀਕ ਸਾਰੇ ਜਿਹੜੇ ਸੇਵਾ ਕਰਨ ਕਰਨ ਜੋਗ ਹੋਣ ਕਿ ਓਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ
40. ਅਤੇ ਓਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣੇ ਹੋਏ ਦੋ ਹਜ਼ਾਰ ਛੇ ਸੌ ਤੀਹ ਸਨ
41. ਗੇਰਸ਼ੋਨੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ ਜਿੰਨ੍ਹਾਂ ਨੂੰ ਮੂਸਾ ਅਰ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਗਿਣਿਆ।।
42. ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ
43. ਤੀਹ ਵਰਿਹਾਂ ਤੋਂ ਉੱਪਰ ਪੰਜਾਹ ਵਰਿਹਾਂ ਤੀਕ ਸਾਰੇ ਜਿਹੜੇ ਸਾਰੇ ਜਿਹੜੇ ਸੇਵਾ ਕਰਨ ਜੋਗ ਹੋਣ ਭਈ ਓਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ
44. ਓਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣੇ ਗਏ ਤਿੰਨ ਹਜ਼ਾਰ ਦੋ ਸੌ ਸਨ
45. ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਜਿੰਨ੍ਹਾਂ ਨੂੰ ਮੂਸਾ ਅਰ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ।।
46. ਸਾਰੇ ਲੇਵੀ ਜਿਹੜੇ ਗਿਣੇ ਗਏ ਜਿੰਨ੍ਹਾਂ ਨੂੰ ਮੂਸਾ ਅਰ ਹਾਰੂਨ ਅਰ ਇਸਰਾਏਲ ਦੇ ਪਰਧਾਨਾਂ ਨੇ ਗਿਣਿਆ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ
47. ਤੀਹ ਵਰਿਹਾਂ ਤੋਂ ਉੱਪਰ ਪੰਜਾਹ ਵਰਿਹਾਂ ਤੀਕ ਸਾਰੇ ਟਹਿਲ ਸੇਵਾ ਕਰਨ ਅਰ ਭਾਰ ਚੁੱਕਣ ਲਈ ਮੰਡਲੀ ਦੇ ਤੰਬੂ ਵਿੱਚ ਆਉਣ,
48. ਏਹ ਗਿਣੇ ਗਏ ਅਤੇ ਅੱਠ ਹਜ਼ਾਰ ਪੰਜ ਸੌ ਅੱਸੀ ਸਨ
49. ਯਹੋਵਾਹ ਦੇ ਹੁਕਮ ਨਾਲ ਅਤੇ ਮੂਸਾ ਦੇ ਰਾਹੀਂ ਓਹ ਗਿਣੇ ਗਏ, ਹਰ ਮਨੁੱਖ ਉਸ ਦੀ ਟਹਿਲ ਸੇਵਾ ਅਰ ਭਾਰ ਅਨੁਸਾਰ। ਇਉਂ ਓਹ ਗਿਣੇ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।।

ਜ਼ਬੂਰ 30:1-7
1. ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੈਂ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ।
2. ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੈਂ ਮੈਨੂੰ ਚੰਗਿਆਂ ਕੀਤਾ।
3. ਹੇ ਯਹੋਵਾਹ, ਤੈਂ ਮੇਰੀ ਜਾਨ ਨੂੰ ਪਤਾਲੋਂ ਉਠਾ ਲਿਆ ਹੈ, ਤੈਂ ਮੈਨੂੰ ਜੀਉਂਦਿਆਂ ਰੱਖਿਆ ਹੈ ਭਈ ਮੈਂ ਗੋਰ ਵਿੱਚ ਨਾ ਉਤਰ ਜਾਵਾਂ।
4. ਹੇ ਯਹੋਵਾਹ ਦੇ ਸੰਤੋਂ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ!
5. ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ, ਭਾਵੇਂ ਰੋਣਾ ਰਾਤ ਨੂੰ ਟਿਕੇ, ਪਰ ਸਵੇਰ ਨੂੰ ਜੈ ਜੈ ਕਾਰ ਹੋਵੇਗੀ।
6. ਮੈਂ ਤਾਂ ਆਪਣੀ ਭਾਗਵਾਨੀ ਦੇ ਵੇਲੇ ਆਖਿਆ ਸੀ, ਭਈ ਮੈਂ ਕਦੀ ਨਹੀਂ ਡੋਲਾਂਗਾ।
7. ਹੇ ਯਹੋਵਾਹ, ਤੈਂ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਇਸਥਿਰ ਰੱਖਿਆ, ਤੈਂ ਆਪਣਾ ਮੁਖ ਲੁਕਾਇਆ, ਮੈਂ ਘਬਰਾਇਆ।

ਕਹਾਉਤਾਂ 10:30-32
30. ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ।
31. ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ।
32. ਧਰਮੀ ਦੇ ਬੁੱਲ੍ਹ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਉਲਟੀਆਂ ਗੱਲਾਂ ਬੋਲਦਾ ਹੈ।।

ਮਾਰਕ 8:1-21
1. ਉਨ੍ਹੀਂ ਦਿਨੀਂ ਜਾਂ ਫੇਰ ਵੱੜੀ ਭੀੜ ਹੋ ਗਈ ਅਤੇ ਉਨ੍ਹਾਂ ਕੋਲ ਖਾਣ ਨੂੰ ਕੁਝ ਨਾ ਸੀ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ
2. ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਓਂ ਜੋ ਹੁਣ ਓਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ
3. ਜੇ ਮੈਂ ਉਨ੍ਹਾਂ ਨੂੰ ਘਰਾਂ ਵੱਲ ਭੁੱਖਿਆਂ ਤੋਰ ਦਿਆਂ ਤਾਂ ਉਹ ਰਸਤੇ ਵਿੱਚ ਨਿਤਾਣੇ ਹੋ ਜਾਣਗੇ ਅਤੇ ਕਈ ਉਨ੍ਹਾਂ ਵਿੱਚੋਂ ਦੂਰੋਂ ਆਏ ਹਨ
4. ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ ਕਿ ਇਸ ਉਜਾੜ ਵਿੱਚ ਕੋਈ ਇਨ੍ਹਾਂ ਨੂੰ ਰੋਟੀਆਂ ਨਾਲ ਕਿੱਥੋਂ ਰਜਾ ਸੱਕੇ?
5. ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ ਸੱਤ
6. ਫੇਰ ਉਸ ਨੇ ਲੋਕਾਂ ਨੂੰ ਹੁਕਮ ਦਿੱਤਾ ਭਈ ਭੁੰਞੇਂ ਬਹਿ ਜਾਣ। ਤਾਂ ਉਸ ਨੇ ਓਹ ਸੱਤ ਰੋਟੀਆਂ ਲਈਆਂ ਅਤੇ ਸ਼ੁਕਰ ਕਰਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਜੋ ਉਨ੍ਹਾਂ ਦੇ ਅੱਗੇ ਰੱਖਣ ਸੋ ਉਨ੍ਹਾਂ ਨੇ ਲੋਕਾਂ ਅੱਗੇ ਰੱਖ ਦਿੱਤੀਆਂ
7. ਉਨ੍ਹਾਂ ਦੇ ਕੋਲ ਥੋੜੀਆਂ ਜਹੀਆਂ ਛੋਟੀਆਂ ਮੱਛੀਆਂ ਸਨ ਸੋ ਉਸ ਨੇ ਉਨ੍ਹਾਂ ਉੱਤੇ ਬਰਕਤ ਦੇ ਕੇ ਕਿਹਾ, ਇਹ ਵੀ ਉਨ੍ਹਾਂ ਦੇ ਅੱਗੇ ਰੱਖੋ
8. ਓਹ ਖਾਕੇ ਰੱਜ ਗਏ ਅਰ ਬਚਿਆਂ ਹੋਇਆ ਟੁੱਕੜਿਆਂ ਦੇ ਉਨ੍ਹਾਂ ਨੇ ਸੱਤ ਟੋਕਰੇ ਚੁੱਕੇ
9. ਅਤੇ ਲੋਕ ਚਾਰ ਕੁ ਹਜ਼ਾਰ ਸਨ। ਫੇਰ ਉਸ ਨੇ ਉਨ੍ਹਾਂ ਨੂੰ ਵਿਦਿਆ ਕੀਤਾ
10. ਅਰ ਉਸੇ ਵੇਲੇ ਉਹ ਆਪਣੇ ਚੇਲਿਆਂ ਸਣੇ ਬੇੜੀ ਉੱਤੇ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।।
11. ਤਦ ਫ਼ਰੀਸੀ ਨਿੱਕਲੇ ਅਤੇ ਉਸ ਦੇ ਪਰਤਾਉਣ ਲਈ ਆਕਾਸ਼ ਵਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਨਾਲ ਝਗੜਾ ਕਰਨ ਲੱਗੇ
12. ਅਤੇ ਉਸ ਨੇ ਆਪਣੇ ਆਤਮਾ ਥੀਂ ਹੌਉਕਾ ਭਰ ਕੇ ਕਿਹਾ, ਇਸ ਪੀੜ੍ਹੀ ਦੇ ਲੋਕ ਕਿਉਂ ਨਿਸ਼ਾਨ ਚਾਹੁੰਦੇ ਹਨ? ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਾ ਦਿੱਤਾ ਜਾਵੇਗਾ
13. ਅਤੇ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਬੇੜੀ ਉੱਤੇ ਚੱੜ੍ਹਿਆ ਅਤੇ ਪਾਰ ਚੱਲਿਆ ਗਿਆ।।
14. ਓਹ ਰੋਟੀ ਲੈਣੀ ਭੁੱਲ ਗਏ ਸਨ ਅਰ ਬੇੜੀ ਵਿੱਚ ਇਕ ਰੋਟੀ ਦੇ ਬਿਨਾ ਉਨ੍ਹਾਂ ਕੋਲ ਹੋਰ ਕੁਝ ਨਾ ਸੀ
15. ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਕਿ ਖਬਰਦਾਰ ਫ਼ਰੀਸੀਆਂ ਦੇ ਖਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ!
16. ਤਦ ਓਹ ਆਪੋ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਭਈ ਸਾਡੇ ਕੋਲ ਰੋਟੀ ਜੋ ਨਹੀਂ
17. ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਵਿਚਾਰ ਕਰਦੇ ਹੋ ਭਈ ਸਾਡੇ ਕੋਲ ਰੋਟੀ ਨਹੀਂ? ਭਲਾ, ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀ ਸਮਝਦੇ? ਕੀ ਤੁਹਾਡਾ ਦਿਲ ਸੁੰਨ ਹੋ ਗਿਆ?
18. ਅੱਖਾਂ ਦੇ ਹੁੰਦੇ ਸੁੰਦੇ ਕੀ ਤੁਸੀਂ ਨਹੀਂ ਵੇਖਦੇ ਅਤੇ ਕੰਨਾਂ ਦੇ ਹੁੰਦਿਆਂ ਸੁੰਦਿਆਂ ਨਹੀਂ ਸੁਣਦੇ ਅਰ ਚੇਤੇ ਨਹੀਂ ਰੱਖਦੇ?
19. ਜਦ ਮੈਂ ਓਹ ਪੰਜ ਰੋਟੀਆਂ ਪੰਜਾਂ ਹਜ਼ਾਰਾਂ ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ? ਉਨਾਂ ਉਸ ਨੂੰ ਆਖਿਆ, ਬਾਰਾਂ
20. ਅਤੇ ਜਦ ਸੱਤ ਰੋਟੀਆਂ ਚੋਹੁੰ ਹਜ਼ਾਰਾਂ ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਹੋਏ ਚੁੱਕੇ? ਫੇਰ ਉਨ੍ਹਾਂ ਉਸ ਨੂੰ ਆਖਿਆ, ਸੱਤ
21. ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਤੁਹਾਨੂੰ ਅਜੇ ਸਮਝ ਨਹੀਂ ਆਈ?।।