ਨਵਾਂ ਨੇਮ
ਪੰਜਾਬੀ ਬਾਈਬਲ 2000
← 14

ਮਾਰਕ 15

16 →
1

ਬਹੁਤ ਹੀ ਤਡ਼ਕੇ, ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ, ਨੇਮ ਦੇ ਉਪਦੇਸ਼ਕ ਅਤੇ ਸਾਰੀ ਯਹੂਦੀ ਸਭਾ ਨੇ ਇੱਕ ਵਿਉਂਤ ਬਣਾਈ, ਉਨ੍ਹਾਂ ਨੇ ਯਿਸੂ ਨੂੰ ਬੰਨ੍ਹਿਆ ਅਤੇ ਗਵਰਨਰ ਕੋਲ ਲੈ ਗਏ, ਅਤੇ ਉਨ੍ਹਾਂ ਨੇ ਉਸਨੂੰ ਪਿਲਾਤੁਸ ਦੇ ਹਵਾਲੇ ਕਰ ਦਿੱਤਾ।

2

ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ?” ਯਿਸੂ ਨੇ ਕਿਹਾ ਜੋ ਕੁਝ ਤੁਸੀਂ ਕਿਹਾ ਉਹ ਠੀਕ ਹੈ।

3

ਪ੍ਰਧਾਨ ਜਾਜਕ ਬਿਨਾ ਸਬੂਤ ਉਸਦੇ ਵਿਰੁੱਧ ਬਹੁਤ ਸਾਰੇ ਗਵਾਹ ਲਿਆਏ।

4

ਤਾਂ ਪਿਲਾਤੁਸ ਨੇ ਯਿਸੂ ਨੂੰ ਹੋਰ ਸਵਾਲ ਪੁੱਛਿਆ, “ਤੂੰ ਜਾਣਦਾ ਹੈ ਕਿ ਇਹ ਲੋਕ ਤੇਰੇ ਤੇ ਬਹੁਤ ਸਾਰੀਆਂ ਗੱਲਾਂ ਦਾ ਦੋਸ਼ ਲਾ ਰਹੇ ਹਨ। ਕੀ ਤੂੰ ਕੋਈ ਜਵਾਬ ਨਹੀਂ ਦੇਵੇਂਗਾ?

5

ਪਰ ਅਜੇ ਵੀ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਉਸਨੂੰ ਵੇਖਕੇ ਹੈਰਾਨ ਸੀ। ਪਿਲਾਤੁਸ ਯਿਸੂ ਨੂੰ ਛੁਡਾਉਣ ਤੋਂ ਅਸਮਰਥ ਰਿਹਾ

6

ਹਰ ਸਾਲ ਪਸਾਹ ਦੇ ਤਿਉਹਾਰ ਤੇ ਰਾਜਪਾਲ ਇੱਕ ਕੈਦੀ, ਜਿਸ ਲਈ ਲੋਕ ਅਰਜ ਕਰਦੇ ਸਨ ਉਸਨੂੰ ਮੁਕਤ ਕਰਦਾ ਸੀ।

7

ਉਸ ਵਕਤ, ਬਰੱਬਾਸ ਨਾਂ ਦਾ ਇੱਕ ਕੈਦੀ ਹੋਰ ਵਿਦਰੋਹੀਆਂ ਦੇ ਨਾਲ ਕੈਦ ਵਿੱਚ ਸੀ, ਜਿਨ੍ਹਾਂ ਨੇ ਵਿਦ੍ਰੋਹਾਂ ਦੇ ਵੇਲੇ ਕਤਲ ਕੀਤੇ ਸਨ।

8

ਲੋਕ ਪਿਲਾਤੁਸ ਕੋਲ ਇੱਕ ਕੈਦੀ ਨੂੰ ਮੁਕਤ ਕਰਵਾਉਣ ਲਈ ਆਏ।

9

ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਯਹੂਦੀਆਂ ਦੇ ਬਾਦਸ਼ਾਹ ਨੂੰ ਛੱਡ ਦੇਵਾਂ?”

10

ਪਿਲਾਤੁਸ ਜਾਣਦਾ ਸੀ ਕਿ ਉਨ੍ਹਾਂ ਨੇ ਯਿਸੂ ਨੂੰ ਦੁਸ਼ਮਨੀ ਕਾਰਣ ਹੀ ਉਸ ਹੱਥੀ ਫ਼ਡ਼ਵਾਇਆ ਸੀ।

11

ਪਰ ਪ੍ਰਧਾਨ ਜਾਜਕਾਂ ਨੇ ਲੋਕਾਂ ਨੂੰ ਚੁਕਿਆ ਕਿ ਉਹ ਯਿਸੂ ਦੀ ਥਾਵੇਂ ਬਰੱਬਾਸ ਨੂੰ ਅਜ਼ਾਦ ਕਰਵਾਉਣ ਲਈ ਜੋਰ ਪਾਉਣ।

12

ਪਿਲਾਤੁਸ ਨੇ ਫ਼ੇਰ ਲੋਕਾਂ ਨੂੰ ਪੁੱਛਿਆ, “ਤਾਂ ਤੁਸੀਂ ਮੈਥੋਂ ਇਸ ਵਿਅਕਤੀ ਨਾਲ, ਜੋ ਯਹੂਦੀਆਂ ਦਾ ਬਾਦਸ਼ਾਹ ਕਹਾਉਂਦਾ ਹੈ, ਕੀ ਕਰਾਉਣਾ ਚਾਹੁੰਦੇ ਹੋ?”

13

ਲੋਕਾਂ ਨੇ ਫ਼ਿਰ ਤੋਂ ਰੌਲਾ ਪਾਇਆ, “ਇਸਨੂੰ ਸਲੀਬ ਦਿਓ।”

14

ਪਿਲਾਤੁਸ ਨੇ ਪੁੱਛਿਆ, “ਕਿਉਂ? ਇਸਨੇ ਕੀ ਪਾਪ ਕੀਤਾ ਹੈ?” ਪਰ ਲੋਕ ਹੋਰ ਜ਼ੋਰ-ਜ਼ੋਰ ਦੀ ਚੀਕਣ ਲੱਗੇ, “ਇਸਨੂੰ ਸਲੀਬ ਤੇ ਚਢ਼ਾ ਦੇਵੋ।

15

ਪਿਲਾਤੁਸ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਲੋਕਾਂ ਲਈ ਬਰੱਬਾਸ ਨੂੰ ਅਜ਼ਾਦ ਕਰ ਦਿੱਤਾ ਅਤੇ ਸਿਪਾਹੀਆਂ ਨੂੰ ਯਿਸੂ ਨੂੰ ਕੋਡ਼ੇ ਮਾਰਨ ਨੂੰ ਆਖਿਆ। ਫ਼ਿਰ ਉਸਨੇ ਯਿਸੂ ਨੂੰ ਸਲੀਬ ਦੇਣ ਲਈ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ।

16

ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲੈ ਗਏ ਅਤੇ ਬਾਕੀ ਸਾਰੇ ਸਿਪਾਹੀਆਂ ਨੂੰ ਇੱਕ ਸਾਥ ਬੁਲਾਇਆ।

17

ਉਨ੍ਹਾਂ ਨੇ ਜਾਮੁਨੀ ਰੰਗ ਦਾ ਕੱਪਡ਼ਾ ਯਿਸੂ ਤੇ ਪਾਇਆ, ਫ਼ਿਰ ਉਨ੍ਹਾਂ ਨੇ ਕੰਡਿਆਂ ਨੂੰ ਗੁੰਦਕੇ ਕੰਡਿਆਂ ਦਾ ਤਾਜ ਬਣਾਇਆ ਅਤੇ ਉਸਦੇ ਸਿਰ ਤੇ ਪਾਇਆ।

18

ਫ਼ਿਰ ਉਹ ਯਿਸੂ ਨੂੰ ਸਲਾਮ ਕਰਨ ਲੱਗੇ ਅਤੇ ਆਖਿਆ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!”

19

ਸਿਪਾਹੀਆਂ ਨੇ ਵਾਰ-ਵਾਰ ਉਸਦੇ ਸਿਰ ਤੇ ਸੋਟੀਆਂ ਮਾਰੀਆਂ। ਉਸ ਉੱਪਰ ਥੁਕਿਆ ਅਤੇ ਬਾਰ-ਬਾਰ ਉਸ ਅੱਗੇ ਸਿਰ ਨਿਵਾਕੇ ਉਸਨੂੰ ਮਖੌਲ ਕਰਨ ਲੱਗੇ।

20

ਜਦੋਂ ਉਹ ਉਸਨੂੰ ਮਖੌਲ ਕਰ ਹਟੇ ਤਾਂ ਉਨ੍ਹਾਂ ਨੇ ਉਹ ਜਾਮਨੀ ਕੱਪਡ਼ਾ ਉਤਾਰਿਆ ਅਤੇ ਫ਼ਿਰ ਯਿਸੂ ਨੂੰ ਉਸਦੇ ਕੱਪਡ਼ੇ ਪੁਆ ਦਿੱਤੇ ਅਤੇ ਉਸਨੂੰ ਉਸ ਮਹਿਲ ਤੋਂ ਬਾਹਰ ਲੈ ਗਏ ਤਾਂ ਕਿ ਇਸਨੂੰ ਸਲੀਬ ਦਿੱਤੀ ਜਾਵੇ।

21

ਰਸਤੇ ਵਿੱਚ ਉਨ੍ਹਾਂ ਨੇ ਇੱਕ ਕੁਰੇਨੀ ਆਦਮੀ ਨੂੰ ਵੇਖਿਆ। ਉਹ ਆਦਮੀ ਸ਼ਮਊਨ ਸੀ ਸਿਕੰਦਰ ਅਤੇ ਰੁਫ਼ੂਸ ਦਾ ਪਿਤਾ। ਉਹ ਖੇਤਾਂ ਵੱਲੋਂ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਅਤੇ ਸਿਪਾਹੀਆਂ ਨੇ ਉਸਨੂੰ ਮਜਬੂਰ ਕੀਤਾ ਕਿ ਉਹ ਯਿਸੂ ਦੀ ਸਲੀਬ ਚੁੱਕੇ।

22

ਉਹ ਉਸਨੂੰ ਗਲਗਥਾ ਨਾਉਂ ਦੀ ਜਗ੍ਹਾ ਤੇ ਲੈ ਗਏ ਗਲਗਥਾ ਜਿਸਦਾ ਅਰਥ ਹੈ “ਖੋਪਰਈ ਦਾ ਥਾਂ”

23

ਉਥੇ ਜਾਕੇ ਸਿਪਾਹੀਆਂ ਨੇ ਮੈਅ ਵਿੱਚ ਗੰਧਰਸ ਮਿਲਾਕੇ ਉਸਨੂੰ ਪੀਣ ਲਈ ਦਿੱਤੀ, ਪਰ ਉਸਨੇ ਨਹੀਂ ਪੀਤੀ।

24

ਸਿਪਾਹੀਆਂ ਨੇ ਉਸਨੂੰ ਸਲੀਬ ਤੇ ਕਿੱਲਾਂ ਨਾਲ ਠੋਕਿਆ ਅਤੇ ਉਸਦੇ ਕੱਪਡ਼ੇ ਆਪਸ ਵਿੱਚ ਵੰਡ ਲਏ। ਇਹ ਕੱਪਡ਼ੇ ਉਨ੍ਹਾਂ ਨੇ ਗੁਣੇ ਪਾਕੇ ਆਪਸ ਵਿੱਚ ਵੰਡੇ ਕਿ ਕਿਹਡ਼ਾ ਕਿਹਡ਼ੇ ਕੱਪਡ਼ੇ ਲਵੇਗਾ।

25

ਸਵੇਰ ਦੇ ਨੌ ਵਜੇ ਸਨ ਜਦੋਂ ਉਨ੍ਹਾਂ ਨੇ ਉਸਨੂੰ ਸਲੀਬ ਤੇ ਚਢ਼ਾਇਆ।

26

ਅਤੇ ਉਥੇ ਇੱਕ ਪੱਤਰੀ ਸੀ ਜਿਸ ਉੱਤੇ ਉਸਦੇ ਵਿਰੁੱਧ ਦੋਸ਼ ਲਿਖੇ ਹੋਏ ਸਨ, “ਯਹੂਦੀਆਂ ਦਾ ਪਾਤਸ਼ਾਹ।”

27

ਉਨ੍ਹਾਂ ਨੇ ਉਸਦੇ ਨਾਲ ਦੋ ਹੋਰ ਚੋਰਾਂ ਨੂੰ ਵੀ ਸਲੀਬ ਤੇ ਚਢ਼ਾਇਆ। ਇੱਕ ਨੂੰ ਉਸਦੇ ਸੱਜੇ ਅਤੇ ਦੂਜੇ ਨੂੰ ਉਸਦੇ ਖੱਬੇ ਪਾਸੇ ਚਢ਼ਾਇਆ।

28

[This verse may not be a part of this translation]

29

ਅਤੇ ਜੋ ਲੋਕ ਉਥੋਂ ਦੀ ਲੰਘੇ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ। “ਉਨ੍ਹਾਂ ਨੇ ਆਪਣੇ ਸਿਰ ਹਿਲਾਏ ਅਤੇ ਆਖਿਆ, ਬਲ੍ਲੇ! ਤੂੰ ਆਖਿਆ ਸੀ ਕਿ ਤੂੰ ਇਹ ਮੰਦਰ ਨਸ਼ਟ ਕਰ ਸਕਦਾ ਹੈ ਅਤੇ ਤਿੰਨਾਂ ਦਿਨਾਂ ਵਿੱਚ ਬਣਾ ਸਕਦਾ ਹੈ।

30

ਤਾਂ ਹੁਣ ਸਲੀਬ ਤੋਂ ਥੱਲੇ ਉਤਰ ਕੇ ਆਪਣੇ-ਆਪ ਨੂੰ ਬਚਾ?”

31

ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਵੀ ਉਸੇ ਜਗ੍ਹਾ ਖਡ਼ੇ ਸਨ। ਉਨ੍ਹਾਂ ਨੇ ਦੂਜੇ ਲੋਕਾਂ ਵਾਂਗ ਯਿਸੂ ਦਾ ਮਜ਼ਾਕ ਉਡਾਇਆ। ਉਹ ਆਪਸ ਵਿੱਚ ਕਹਿਣ ਲੱਗੇ, “ਉਸਨੇ ਦੂਜੇ ਲੋਕਾਂ ਨੂੰ ਤਾਂ ਬਚਾਇਆ, ਪਰ ਆਪਣੇ-ਆਪ ਨੂੰ ਨਹੀਂ ਬਚਾ ਸਕਿਆ।

32

ਜੇਕਰ ਉਹ ਸੱਚੀ ਇਸਰਾਏਲ ਦਾ ਰਾਜਾ ਮਸੀਹ ਹੈ, ਤਾਂ ਹੁਣੇ ਉਹ ਸਲੀਬੋਂ ਉਤਰ ਆਵੇ ਅਤੇ ਆਪਣੇ-ਆਪ ਨੂੰ ਬਚਾਵੇ, ਤਦ ਅਸੀਂ ਉਸਤੇ ਫ਼ਿਰ ਪਰਤੀਤ ਕਰਾਂਗੇ।” ਜਿਹਡ਼ੇ ਚੋਰ ਉਸਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ।

33

ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢਕ ਲਿਆ। ਅਤੇ ਇਹ ਹਨੇਰਾ ਦੁਪਿਹਰ ਦੇ ਤਿੰਨ ਵਜੇ ਤੱਕ ਰਿਹਾ।

34

ਤਿੰਨ ਕੁ ਵਜੇ, ਯਿਸੂ ਉੱਚੀ ਅਵਾਜ਼ ਵਿੱਚ ਚੀਕਿਆ, “ਏਲੋਈ ਏਲੋਈ ਲਮਾ ਸਬਕਤਾਨੀ।” ਜਿਸਦਾ ਅਰਥ ਹੈ, “ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ, ਤੂੰ ਮੈਨੂੰ ਇਕੱਲਾ ਕਿਉਂ ਛੱਡ ਦਿੱਤਾ ਹੈ?”

35

ਉਥ ਖਢ਼ੇ ਕੁਝ ਲੋਕਾਂ ਨੇ ਇਹ ਚੀਕ ਸੁਣੀ ਅਤੇ ਆਖਿਆ, “ਸੁਣੋ! ਉਹ ਏਲੀਯਾਹ ਨੂੰ ਸੱਦ ਰਿਹਾ ਹੈ।”

36

ਉਥੇ ਇੱਕ ਆਦਮੀ, ਭਜਿਆ ਅਤੇ ਸਪੰਜ ਲਿਆਇਆ ਅਤੇ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਇੱਕ ਸੋਟੀ ਨਾਲ ਬੰਨ੍ਹਿਆ ਅਤੇ ਇਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ। ਉਸ ਆਦਮੀ ਨੇ ਕਿਹਾ, “ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਭਲਾ ਏਲੀਯਾਹ ਇਸਨੂੰ ਸਲੀਬ ਤੋਂ ਉਤਾਰਨ ਆਉਂਦਾ ਹੈ ਕਿ ਨਹੀਂ।”

37

ਫ਼ੇਰ ਯਿਸੂ ਉੱਚੀ ਅਵਾਜ਼ ਵਿੱਚ ਚੀਕਿਆ ਅਤੇ ਪ੍ਰਾਣ-ਹੀਣ ਹੋ ਗਿਆ।

38

ਜਦੋਂ ਯਿਸੂ ਨੇ ਪ੍ਰਾਣ ਛੱਡੇ ਤਾਂ ਮੰਦਰ ਦਾ ਪਰਦਾ ਉੱਪਰ ਤੋਂ ਲੈਕੇ ਥੱਲੇ ਤੱਕ ਦੋਫ਼ਾਡ਼ ਹੋ ਗਿਆ।

39

ਤਾਂ ਉਹ ਸੂਬੇਦਾਰ ਜਿਹਡ਼ਾ ਸਾਮ੍ਹਣੇ ਖਡ਼ਾ ਸਭ ਵੇਖ ਰਿਹਾ ਸੀ, ਜਦ ਉਸਨੇ ਵੇਖਿਆ ਕਿ ਯਿਸੂ ਕਿਵੇਂ ਮਰਿਆ ਹੈ ਤਾਂ ਕਹਿਣ ਲੱਗਾ, “ਇਹ ਮਨੁੱਖ ਸਚਮੁੱਚ ਹੀ ਪਰਮੇਸ਼ੁਰ ਦਾ ਪੁੱਤਰ ਸੀ।”

40

ਕੁਝ ਔਰਤਾਂ ਥੋਡ਼ੀ ਦੂਰੀ ਤੇ ਖਢ਼ੀਆਂ ਇਹ ਵੇਖ ਰਹੀਆਂ ਸਨ। ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਅਤੇ ਯੋਸੇਸ ਦੀ ਮਾਂ ਮਰਿਯਮ ਸਨ ਯਾਕੂਬ ਛੋਟਾ ਪੁੱਤਰ ਸੀ।

41

ਜਿਸ ਵਕਤ ਯਿਸੂ ਗਲੀਲ ਵਿੱਚ ਸੀ, ਉਸ ਵਕਤ ਇਹ ਔਰਤਾਂ ਉਸਦੇ ਨਾਲ ਰਹਿੰਦੀਆਂ ਅਤੇ ਉਸਦੀ ਦੇਖ-ਭਾਲ ਕਰਦੀਆਂ ਸਨ। ਹੋਰ ਵੀ ਬਹੁਤ ਸਾਰੀਆਂ ਔਰਤਾਂ ਉਥੇ ਮੌਜੂਦ ਸਨ। ਇਹ ਔਰਤਾਂ ਉਸ ਨਾਲ ਯਰੂਸ਼ਲਮ ਤੋਂ ਆਈਆਂ ਸਨ।

42

ਇਸ ਦਿਨ ਨੂੰ ਤਿਆਰੀ ਦਾ ਦਿਨ ਕਿਹਾ ਜਾਂਦਾ ਸੀ (ਜਿਸਦਾ ਅਰਥ ਸਬਤ ਤੋਂ ਇੱਕ ਦਿਨ ਪਹਿਲਾਂ) ਅਤੇ ਹਨੇਰਾ ਹੋ ਰਿਹਾ ਸੀ।

43

ਅਰਿਮਥੈਆ ਦਾ ਯੂਸੁਫ਼ ਇੱਕ ਯਹੂਦੀ ਸਭਾ ਦਾ ਮੰਨਿਆ ਹੋਇਆ ਪ੍ਰਸ਼ਿਧ ਸਦੱਸ ਸੀ ਅਤੇ ਉਹ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। ਉਹ ਬਡ਼ੀ ਬਹਾਦੁਰੀ ਨਾਲ ਪਿਲਾਤੁਸ ਕੋਲ ਆਇਆ ਤੇ ਯਿਸੂ ਦੇ ਸ਼ਰੀਰ ਦੀ ਮੰਗ ਕੀਤੀ।

44

ਪਿਲਾਤੁਸ ਇਹ ਸੁਣਕੇ ਹੈਰਾਨ ਹੋਇਆ ਕਿ ਯਿਸੂ ਪਹਿਲਾਂ ਹੀ ਮਰ ਚੁੱਕਾ ਸੀ। ਉਸਨੇ ਫ਼ੌਜ ਦੇ ਇੱਕ ਸੂਬੇਦਾਰ ਨੂੰ ਸਦਿਆ ਅਤੇ ਉਸਨੂੰ ਪੁੱਛਿਆ ਕਿ ਕੀ ਵਾਕਈ ਉਹ ਮਰ ਚੁਕਿਆ ਸੀ।

45

ਸੂਬੇਦਾਰ ਨੇ ਪਿਲਾਤੁਸ ਨੂੰ ਦਸਿਆ ਕਿ ਯਿਸੂ ਮਰ ਗਿਆ ਹੈ। ਜਦੋਂ ਉਸਨੇ ਇਹ ਸੁਣਿਆ ਤਾਂ ਪਿਲਾਤੁਸ ਨੇ ਲੋਥ ਯੂਸੁਫ਼ ਨੂੰ ਦੇ ਦਿੱਤੀ।

46

ਤਾਂ ਯੂਸੁਫ਼ ਨੇ ਇੱਕ ਮਹੀਨ ਕੱਪਡ਼ਾ ਖਰੀਦਿਆ ਅਤੇ ਲੋਥ ਨੂੰ ਸਲੀਬ ਤੋਂ ਉਤਾਰ ਕੇ ਉਸ ਕੱਪਡ਼ੇ ਵਿੱਚ ਲਪੇਟਿਆ। ਫ਼ਿਰ ਯੂਸੁਫ਼ ਨੇ ਲੋਥ ਨੂੰ ਉਸ ਕਬਰ ਵਿੱਚ ਪਾਇਆ ਜਿਹਡ਼ੀ ਚੱਟਾਨ ਵਿੱਚ ਵਢੀ ਹੋਈ ਸੀ ਅਤੇ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢਕਣ ਲਈ ਇੱਕ ਵੱਡਾ ਪੱਥਰ ਰੇਢ਼ ਦਿੱਤਾ।

47

ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਜਗ੍ਹਾ ਨੂੰ ਵੇਖ ਰਹੀਆਂ ਸਨ ਜਿਥੇ ਕਿ ਯਿਸੂ ਨੂੰ ਰੱਖਿਆ ਗਿਆ ਸੀ।

Punjabi Bible 2000
NT: © 2000 Bible League International; OT: © 2002 Bible League International