ਮੱਤੀ 28

1

ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਉਸਤੋਂ ਅਗਲਾ ਦਿਨ ਹਫ਼ਤੇ ਦਾ ਪਹਿਲਾ ਦਿਨ ਸੀ। ਬਹੁਤ ਹੀ ਸਵੇਰੇ, ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਲਈ ਗਈਆਂ।

2

ਉਸ ਵਕਤ ਉਥੇ ਬਡ਼ਾ ਜ਼ੋਰ ਦਾ ਭੁਚਾਲ ਆਇਆ। ਅਕਾਸ਼ ਤੋਂ ਇੱਕ ਪ੍ਰਭੂ ਦਾ ਦੂਤ ਆਇਆ। ਪ੍ਰਭੂ ਦੇ ਦੂਤ ਨੇ ਉਸ ਕਬਰ ਦੇ ਨੇਡ਼ੇ ਆਕੇ ਉਸਦੇ ਉੱਪਰੋਂ ਉਹ ਵੱਡਾ ਪੱਥਰ ਰੇਢ਼ਕੇ ਪਾਸੇ ਕੀਤਾ ਤੇ ਉਸ ਪੱਥਰ ਦੇ ਉੱਪਰ ਖੁਦ ਜਾਕੇ ਬੈਠ ਗਿਆ।

3

ਉਸ ਦੂਤ ਦਾ ਰੂਪ ਬਿਜਲੀ ਵਾਂਗ ਚਮਕਦਾ ਸੀ ਅਤੇ ਉਸਦੇ ਕੱਪਡ਼ੇ ਬਰਫ਼ ਵਰਗੇ ਸਫ਼ੇਦ ਸਨ।

4

ਕਬਰ ਦੀ ਪਹਿਰੇਦਾਰੀ ਕਰਦੇ ਸਿਪਾਹੀ ਦੂਤ ਨੂੰ ਵੇਖਕੇ ਬਹੁਤ ਡਰ ਗਏ। ਉਹ ਇੰਨਾ ਡਰੇ ਕਿ ਡਰ ਦੇ ਮਾਰੇ ਕੰਬਣ ਲੱਗੇ ਅਤੇ ਬੇਹੋਸ਼ ਹੋ ਗਏ।

5

ਦੂਤ ਨੇ ਉਨ੍ਹਾਂ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਮੈਂ ਜਾਣਦਾ ਹਾਂ ਕਿ ਤੁਸੀਂ ਉਸ ਯਿਸੂ ਨੂੰ ਲਭ ਰਹੀਆਂ ਹੋ ਜਿਸਨੂੰ ਸਲੀਬ ਦਿੱਤੀ ਗਈ ਸੀ।

6

ਪਰ ਯਿਸੂ ਇਥੇ ਨਹੀਂ ਹੈ, ਕਿਉਂਕਿ, ਜਿਵੇ ਉਸਨੇ ਕਿਹਾ ਸੀ, ਉਹ ਮੌਤ ਤੋਂ ਉਭਾਰਿਆ ਗਿਆ ਹੈ। ਆਓ ਅਤੇ ਵੇਖੋ ਜਿਸ ਥਾਂ ਤੇ ਉਸਦਾ ਸ਼ਰੀਰ ਰੱਖਿਆ ਗਿਆ ਸੀ।

7

ਅਤੇ ਜਲਦੀ ਜਾਕੇ ਉਸਦੇ ਚੇਲਿਆਂ ਨੂੰ ਆਖੋ, ‘ਉਹ ਮੁਰਦਿਆਂ ਵਿੱਚੋਂ ਜੀ ਉਠਿਆ ਹੈ ਅਤੇ ਉਹ ਗਲੀਲੀ ਵੱਲ ਜਾ ਰਿਹਾ ਹੈ। ਉਹ ਤੁਹਾਡੇ ਪਹੁੰਚਣ ਤੋਂ ਪਹਿਲਾਂ ਉਥੇ ਮੌਜੂਦ ਹੋਵੇਗਾ ਅਤੇ ਉਥੇ ਤੁਸੀਂ ਉਸਨੂੰ ਵੇਖੋਂਗੀਆਂ।” ਮੈਂ ਤੁਹਾਨੂੰ ਇਹੀ ਦੱਸਣ ਲਈ ਆਇਆ ਸੀ।”‘

8

ਉਹ ਔਰਤਾਂ ਛੇਤੀ ਹੀ ਕਬਰ ਤੋਂ ਵਿਦਾ ਹੋ ਗਈਆਂ। ਭਾਵੇਂ ਉਹ ਡਰੀਆਂ ਹੋਈਆਂ ਸਨ ਪਰ ਉਹ ਖੁਸ਼ ਵੀ ਬਡ਼ੀਆਂ ਹੋਈਆਂ। ਉਹ ਉਸਦੇ ਚੇਲਿਆਂ ਨੂੰ ਇਹ ਖਬਰ ਦੱਸਣ ਲਈ ਗਈਆਂ।

9

ਜਦੋਂ ਉਹ ਚੇਲਿਆਂ ਨੂੰ ਖਬਰ ਦੇਣ ਵਾਸਤੇ ਨਸੀਆਂ ਜਾ ਰਹੀਆਂ ਸਨ, ਅਚਾਨਕ ਉਥੇ ਯਿਸੂ ਉਨ੍ਹਾਂ ਸਾਮ੍ਹਣੇ ਖਲੋ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਸ਼ੁਭਕਾਮਨਾਵਾਂ!” ਉਹ ਉਸ ਕੋਲ ਗਈਆਂ ਅਤੇ ਉਸਦੇ ਚਰਨ ਫ਼ਡ਼ ਲਏ ਅਤੇ ਉਸਦੀ ਉਪਾਸਨਾ ਕੀਤੀ।

10

ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲੀ ਵੱਲ ਜਾਣ। ਉਹ ਮੈਨੂੰ ਉਥੇ ਵੇਖਣਗੇ।”

11

ਉਹ ਔਰਤਾਂ ਉਸਦੇ ਚੇਲਿਆਂ ਨੂੰ ਇਹ ਖਬਰ ਦੇਣ ਚਲੀਆਂ ਗਈਆਂ। ਉਸੇ ਵਕਤ ਕੁਝ ਸਿਪਾਹੀ ਜੋ ਕਬਰ ਦੀ ਰਾਖੀ ਕਰ ਰਹੇ ਸਨ, ਸ਼ਹਿਰ ਵੱਲ ਗਏ। ਉਹ ਪਰਧਾਨ ਜਾਜਕਾਂ ਕੋਲ ਗਏ ਅਤੇ ਜੋ ਕੁਝ ਵਾਪਰਿਆ ਸੀ ਸਭ ਕੁਝ ਉਨ੍ਹਾਂ ਨੂੰ ਦਸਿਆ।

12

ਫ਼ੇਰ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਇਕਠੇ ਹੋਏ ਅਤੇ ਇੱਕ ਵਿਉਂਤ ਬਣਾਈ। ਉਨ੍ਹਾਂ ਨੇ ਸਿਪਾਹੀਆਂ ਨੂੰ ਬਹੁਤ ਸਾਰਾ ਧਨ ਦਿੱਤਾ।

13

ਉਨ੍ਹਾਂ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ, “ਤੁਸੀਂ ਲੋਕਾਂ ਨੂੰ ਆਖਣਾ: ਰਾਤ ਦੇ ਵਕਤ ਜਦੋਂ ਅਸੀਂ ਸੌਂ ਰਹੇ ਸਾਂ, ਯਿਸੂ ਦੇ ਚੇਲੇ ਆਏ ਅਤੇ ਉਸਦਾ ਸ਼ਰੀਰ ਚੋਰੀ ਕਰਕੇ ਲੈ ਗਏ।

14

ਜੇਕਰ ਰਾਜਪਾਲ ਇਸ ਗੱਲ ਬਾਰੇ ਜਾਣ ਜਾਵੇਗਾ ਤਾਂ ਅਸੀਂ ਉਸਨੂੰ ਨਿਸ਼ਚਿੰਤ ਕਰ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਦੂਰ ਰਖਾਂਗੇ।”

15

ਤਾਂ ਸਿਪਾਹੀਆਂ ਨੇ ਪੈਸੇ ਲੈ ਲਏ ਅਤੇ ਦਿੱਤੀਆਂ ਹੋਈਆਂ ਹਿਦਾਇਤਾਂ ਅਨੁਸਾਰ ਹੀ ਕੀਤਾ। ਇਹ ਗੱਲ ਅੱਜ ਵੀ ਆਮਤੌਰ ਤੇ ਯਹੂਦੀਆਂ ਵਿੱਚ ਫ਼ੈਲੀ ਹੋਈ ਹੈ।

16

ਫ਼ਿਰ ਗਿਆਰਾਂ ਚੇਲੇ ਗਲੀਲੀ ਨੂੰ ਵਿਦਾ ਹੋ ਗਏ ਅਤੇ ਉਸ ਪਹਾਡ਼ੀ ਤੇ ਆ ਗਏ ਜਿਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਵਾਸਤੇ ਹਿਦਾਇਤ ਦਿੱਤੀ ਸੀ।

17

ਜਦੋਂ ਉਨ੍ਹਾਂ ਨੇ ਉਸਨੂੰ ਵੇਖਿਆ, ਉਹ ਉਸ ਅੱਗੇ ਝੁਕ ਗਏ ਅਤੇ ਉਸਦੀ ਉਪਾਸਨਾ ਕੀਤੀ। ਪਰ ਕਈਆਂ ਨੂੰ ਸ਼ੱਕ ਸੀ।

18

ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ।

19

ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ।

20

ਉਨ੍ਹਾਂ ਨੂੰ ਇਹ ਵੀ ਸਿਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”