ਮੱਤੀ 25

1

“ਉਸ ਵਕਤ, ਸੁਰਗੀ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੋਵੇਗਾ ਜਿਨ੍ਹਾਂ ਨੇ ਆਪਣੀਆਂ ਮਸ਼ਾਲਾਂ ਲਈਆਂ ਅਤੇ ਲਾਡ਼ੇ ਨੂੰ ਮਿਲਣ ਗਈਆਂ।

2

ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਸਨ ਅਤੇ ਬਾਕੀ ਦੀਆਂ ਪੰਜ ਸਿਆਣੀਆਂ।

3

ਪੰਜ ਮੂਰਖ ਕੁਆਰੀਆਂ ਆਪਣੇ ਨਾਲ ਮਸ਼ਾਲਾਂ ਤਾਂ ਲੈਕੇ ਆਈਆਂ ਪਰ ਉਨ੍ਹਾਂ ਦੇ ਜਗਦੇ ਰਹਿਣ ਵਾਸਤੇ ਹੋਰ ਤੇਲ ਨਾ ਲੈਕੇ ਆਈਆਂ, ਤਾਂ ਜੁ ਮਸ਼ਾਲ ਜਗਦੀ ਰਹੇ।

4

ਦੂਜੇ ਪਾਸੇ, ਪੰਜ ਸਿਆਣੀਆਂ ਕੁਆਰੀਆਂ ਆਪਣੀਆਂ ਮਸ਼ਾਲਾਂ ਨਾਲ ਤੇਲ ਵਾਲਾ ਭਾਂਡਾ ਵੀ ਲਿਆਈਆਂ।

5

ਕਿਉਂਕਿ ਲਾਡ਼ਾ ਬਹੁਤ ਦੇਰੀ ਨਾਲ ਅਇਆ, ਸਭ ਕੁਆਰੀਆਂ ਥੱਕ ਗਈਆਂ ਅਤੇ ਸੌਂ ਗਈਆਂ।

6

ਅਧੀ ਰਾਤ ਵੇਲੇ ਕਿਸੇ ਨੇ ਐਲਾਨ ਕੀਤਾ, ‘ਲਾਡ਼ਾ ਆ ਰਿਹਾ ਹੈ, ਉਸਨੂੰ ਮਿਲਣ ਲਈ ਬਾਹਰ ਆਓ!’

7

“ਤਦ ਸਾਰੀਆਂ ਕੁਆਰੀਆਂ ਉਠੀਆਂ, ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ।

8

ਪਰ ਮੂਰਖ ਕੁਆਰੀਆਂ ਨੇ ਸਿਆਣੀਆਂ ਕੁਆਰੀਆਂ ਨੂੰ ਆਖਿਆ, ‘ਸਾਨੂੰ ਆਪਣੀਆਂ ਮਸ਼ਾਲਾਂ ਵਿੱਚੋਂ ਥੋਡ਼ਾ ਤੇਲ ਦੇ ਦੇਵੋ, ਜੋ ਤੇਲ ਸਾਡੇ ਕੋਲ ਸੀ ਲਗਭੱਗ ਮੁਕ੍ਕ ਚੁਕਿਆ ਹੈ ਅਤੇ ਸਾਡੀਆਂ ਮਸ਼ਾਲਾਂ ਬੁਝ ਰਹੀਆਂ ਹਨ।’

9

“ਸਿਆਣੀਆਂ ਕੁਆਰੀਆਂ ਨੇ ਉੱਤਰ ਦਿੱਤਾ, ‘ਨਹੀਂ ਇਹ ਤੇਲ ਸਾਡੇ ਤੇ ਤੁਹਾਡੇ ਜਗਾਉਣ ਵਾਸਤੇ ਕਾਫ਼ੀ ਨਹੀਂ ਹੋਵੇਗਾ। ਇਹ ਬਿਹਤਰ ਹੋਵੇਗਾ ਕਿ ਤੁਸੀਂ ਤੇਲ ਵੇਚਨ ਵਾਲੇ ਤੋਂ ਮੁਲ੍ਲ ਲੈ ਆਵੋ।’

10

ਇਉਂ ਪੰਜ ਮੂਰਖ ਕੁਆਰੀਆਂ ਤੇਲ ਲੈਣ ਵਾਸਤੇ ਚਲੀਆਂ ਗਈਆਂ, ਜਦੋਂ ਉਹ ਚਲੀਆਂ ਗਈਆਂ ਤਾਂ ਪਿਛੋਂ ਲਾਡ਼ਾ ਆ ਗਿਆ ਅਤੇ ਜਿਹਾਡ਼ੀਆਂ ਕੁਆਰੀਆਂ ਤਿਆਰ ਸਨ ਉਹ ਲਾਡ਼ੇ ਨਾਲ ਵਿਆਹ ਦੀ ਦਾਵਤ ਵਾਸਤੇ ਨਾਲ ਚਲੀਆਂ ਗਈਆਂ ਅਤੇ ਉਸਤੋਂ ਬਾਦ ਦਰਵਾਜ਼ਾ ਬੰਦ ਹੋ ਗਿਆ।

11

“ਬਾਦ ਵਿੱਚ ਉਹ ਦੂਜੀਆਂ ਕੁਆਰੀਆਂ ਵੀ ਪਰਤੀਆਂ ਅਤੇ ਉਨ੍ਹਾਂ ਕਿਹਾ, ‘ਸ਼੍ਰੀ ਮਾਨ ਜੀ, ਦਰਵਾਜ਼ਾ ਖੋਲ੍ਹੋ ਤਾਂ ਜੋ ਅਸੀਂ ਵੀ ਅੰਦਰ ਆ ਸਕੀਏ!’

12

ਪਰ ਲਾਡ਼ੇ ਨੇ ਜਵਾਬ ਦਿੱਤਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ।’

13

“ਇਸ ਲਈ ਹਮੇਸ਼ਾ ਤਿਆਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਮਨੁੱਖ ਦਾ ਪੁੱਤਰ ਕਿਸ ਪਲ ਜਾਂ ਕਿਸ ਦਿਨ ਆਵੇਗਾ।

14

“ਸਵਰਗ ਦਾ ਰਾਜ ਕਿਸੇ ਵਿਅਕਤੀ ਦੇ ਵਿਦੇਸ਼ ਜਾਣ ਵਰਗਾ ਹੈ। ਵਿਦਾ ਹੋਣ ਤੋਂ ਪਹਿਲਾਂ, ਉਸਨੇ ਆਪਣੇ ਨੋਕਰਾਂ ਨੂੰ ਸਦਿਆ ਅਤੇ ਆਪਣੀ ਜਾਇਦਾਦ ਉਨ੍ਹਾਂ ਨੂੰ ਸੌਂਪ ਦਿੱਤੀ।

15

ਉਸਨੇ ਹਰ ਨੋਕਰ ਦੀ ਯੋਗਤਾ ਅਨੁਸਾਰ, ਇੱਕ ਨੋਕਰ ਨੂੰ ਧਨ ਦੇ ਪੰਜ ਝੋਲੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਧਨ ਦਾ ਇੱਕ ਝੋਲਾ ਦਿੱਤਾ ਇਸ ਤੋਂ ਬਾਦ ਉਹ ਆਪਣੀ ਯਾਤਰਾ ਤੇ ਚਲਿਆ ਗਿਆ।

16

ਜਿਸ ਨੋਕਰ ਨੇ ਧਨ ਦੇ ਪੰਜ ਝੋਲੇ ਪ੍ਰਾਪਤ ਕੀਤੇ ਸਨ ਉਹ ਝੱਟ ਚਲਿਆ ਗਿਆ ਅਤੇ ਧਨ ਲਾ ਦਿੱਤਾ ਅਤੇ ਧਨ ਦੇ ਪੰਜ ਹੋਰ ਝੋਲੇ ਕਮਾ ਲਏ।

17

ਅਤੇ ਜਿਸਨੂੰ ਧਨ ਦੇ ਦੋ ਝੋਲੇ ਮਿਲੇ ਸਨ ਉਸਨੇ ਵੀ ਧਨ ਲਾ ਦਿੱਤਾ ਅਤੇ ਧਨ ਦੇ ਦੋ ਹੋਰ ਝੋਲੇ ਕਮਾ ਲਏ।

18

ਪਰ ਜਿਸਨੂੰ ਧਨ ਦਾ ਸਿਰਫ਼ ਇੱਕ ਹੀ ਝੋਲਾ ਮਿਲਿਆ ਸੀ, ਉਸਨੇ ਧਰਤੀ ਵਿੱਚ ਟੋਆ ਪੁਟਿਆ ਅਤੇ ਆਪਣੇ ਮਾਲਕ ਦਾ ਧਨ ਦਬ੍ਬ ਦਿੱਤਾ।

19

“ਲੰਬੇ ਸਮੇਂ ਬਾਦ, ਉਨ੍ਹਾਂ ਨੋਕਰਾਂ ਦਾ ਮਾਲਕ ਵਾਪਿਸ ਪਰਤਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਉਸਦੇ ਧਨ ਦਾ ਕੀ ਕੀਤਾ।

20

ਜਿਸ ਨੋਕਰ ਨੂੰ ਉਸਨੇ ਪੰਜ ਥੈਲੇ ਦਿੱਤੇ ਸੀ ਉਹ ਮਾਲਕ ਕੋਲ ਉਨ੍ਹਾਂ ਪੰਜ ਥੈਲਿਆਂ ਦੇ ਨਾਲ ਹੋਰ ਪੰਜ ਥੈਲੇ ਵੀ ਲੈ ਆਇਆ ਜੋ ਉਸਨੇ ਕਮਾਏ ਸਨ, ਅਤੇ ਉਨ੍ਹਾਂ ਨੂੰ ਮਾਲਕ ਦੇ ਅੱਗੇ ਰਖ ਦਿੱਤਾ। ਨੋਕਰ ਨੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਧਨ ਦੇ ਪੰਜ ਥੈਲੇ ਸੌਂਪੇ ਸਨ। ਆਹ ਧਨ ਦੇ ਪੰਜ ਹੋਰ ਝੋਲੇ ਹਨ ਜਿਹਡ਼ੇ ਮੈਂ ਇਨ੍ਹਾਂ ਨਾਲ ਕਮਾਏ ਹਨ।’

21

“ਮਾਲਕ ਨੇ ਉੱਤਰ ਦਿੱਤਾ, ‘ਬਹੁਤ ਵਧੀਆ, ਤੂੰ ਇੱਕ ਚੰਗਾ ਨੋਕਰ ਹੈ ਜਿਸਤੇ ਭਰੋਸਾ ਕੀਤਾ ਜਾ ਸਕਦਾ ਹੈ। ਤੂੰ ਉਸ ਥੋਡ਼ੇ ਜਿਹੇ ਧਨ ਨੂੰ ਸਹੀ ਢੰਗ ਨਾਲ ਵਰਤਿਆ ਹੈ। ਇਸ ਲਈ ਮੈਂ ਹੁਣ ਤੈਨੂੰ ਇਸਤੋਂ ਵੱਡਾ ਇਖਤਿਆਰ ਦੇਵਾਂਗਾ। ਇਸ ਲਈ ਤੂੰ ਹੁਣ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’

22

“ਫ਼ਿਰ, ਉਹ ਨੋਕਰ ਆਇਆ ਜਿਸਨੇ ਧਨ ਦੇ ਝੋਲੇ ਪ੍ਰਾਪਤ ਕੀਤੇ ਸਨ। ਉਹ ਮਾਲਕ ਕੋਲ ਆਇਆ ਅਤੇ ਉਸਨੂੰ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਦੋ ਥੈਲੇ ਰਖਵਾਲੀ ਲਈ ਦੇ ਗਏ ਸੀ, ਮੈਂ ਉਸਨੂੰ ਵਰਤਕੇ ਦੋ ਹੋਰ ਬਣਾ ਲਏ ਹਨ।’

23

“ਮਾਲਕ ਨੇ ਆਖਿਆ, ‘ਬਹੁਤ ਵਧੀਆ! ਤੂੰ ਇੱਕ ਚੰਗਾ ਅਤੇ ਵਫ਼ਾਦਾਰ ਨੋਕਰ ਹੈ ਤੂੰ ਉਸ ਥੋਡ਼ੇ ਜਿਹੇ ਧਨ ਦੀ ਸਹੀ ਵਰਤੋਂ ਕੀਤੀ ਹੈ, ਇਸਲਈ ਮੈਂ ਤੈਨੂੰ ਵੱਡੀਆਂ ਜ਼ਿੰਮੇਦਾਰੀਆਂ ਦੇਵਾਂਗਾ। ਤੂੰ ਆ ਅਤੇ ਮੇਰੇ ਨਾਲ ਪ੍ਰਸ਼ੰਸਾ ਸਾਂਝੀ ਕਰ।’

24

“ਜਿਸ ਨੋਕਰ ਨੇ ਧਨ ਦਾ ਸਿਰਫ਼ ਇੱਕ ਹੀ ਝੋਲਾ ਪ੍ਰਾਪਤ ਕੀਤਾ ਸੀ, ਉਹ ਆਇਆ ਅਤੇ ਆਖਿਆ, ‘ਸੁਆਮੀ ਜੀ, ਮੈਂ ਜਾਣਾਦਾ ਸਾਂ ਕਿ ਤੁਸੀਂ ਇੱਕ ਸਖਤ ਦਿਲ ਆਦਮੀ ਹੋ ਕਿਉਂਕਿ ਜਿਥੇ ਤੁਸੀਂ ਕੁਝ ਨਹੀਂ ਬੀਜਿਆ ਤੁਸੀਂ ਉਥੋਂ ਵਢਦੇ ਹੋ ਅਤੇ ਜਿਥੇ ਖਿਲਾਰਿਆ ਨਹੀਂ ਉਥੋਂ ਇਕੱਠਾ ਕਰਦੇ ਹੋ।’

25

ਇਸ ਲਈ ਮੈਂ ਡਰਦਾ ਸਾਂ। ਮੈਂ ਗਿਆ ਅਤੇ ਤੁਹਾਡਾ ਧਨ ਧਰਤੀ ਵਿੱਚ ਲਕੋ ਦਿੱਤਾ। ਆਹ ਰਿਹਾ ਤੁਹਾਡਾ ਧਨ ਦਾ ਝੋਲਾ।

26

“ਮਾਲਕ ਨੇ ਉਸਨੂੰ ਆਖਿਆ ਕੀ ਤੂੰ ਇੱਕ ਬੁਰਾ ਅਤੇ ਆਲਸੀ ਨੋਕਰ ਹੈਂ। ਤੂੰ ਜਾਣਦਾ ਸੀ ਕਿ ਜਿਥੇ ਮੈਂ ਬੀਜਿਆ ਨਹੀਂ ਉਥੋਂ ਵਢਦਾ ਹਾਂ ਅਤੇ ਜਿਥੇ ਮੈਂ ਖਿਲਾਰਿਆ ਨਹੀਂ ਸੀ ਉਥੋਂ ਇਕੱਠਾ ਕਰਦਾ ਹਾਂ।

27

ਸੋ ਤੈਨੂੰ ਚਾਹੀਦਾ ਸੀ ਕਿ ਤੂੰ ਮੇਰਾ ਧਨ ਸਰਾਫ਼ਾਂ ਨੂੰ ਦੇ ਦਿੰਦਾ ਤਾਂ ਜੋ ਜਦੋਂ ਮੈਂ ਵਾਪਿਸ ਮੁਡ਼ਦਾ ਤਾਂ ਮੈਨੂੰ ਇਸ ਧਨ ਨਾਲ ਬਿਆਜ ਮਿਲਦਾ।

28

“ਤਾਂ ਮਾਲਕ ਨੇ ਦੂਜੇ ਨੋਕਰਾਂ ਨੂੰ ਆਖਿਆ, ‘ਧਨ ਦਾ ਇਹ ਇੱਕ ਝੋਲਾ ਇਸ ਕੋਲੋਂ ਲੈ ਲਵੋ ਅਤੇ ਉਸਨੂੰ ਦੇ ਦੇਵੋ ਜਿਸ ਕੋਲ ਦਸ ਝੋਲੇ ਹਨ।

29

ਕਿਉਂਕਿ ਹਰ ਕੋਈ ਜਿਸ ਕੋਲ ਜੋ ਹੈ ਉਸਨੂੰ ਵਰਤਦਾ ਹੈ ਉਸਨੂੰ ਵਧ ਮਿਲੇਗਾ ਅਤੇ ਉਹ ਆਪਣੀ ਜ਼ਰੂਰਤ ਤੋਂ ਵੀ ਵਧ ਪ੍ਰਾਪਤ ਕਰੇਗਾ। ਅਤੇ ਉਹ ਜਿਸ ਕੋਲ ਜੋ ਹੈ ਉਸਦੀ ਵਰਤੋਂ ਨਹੀਂ ਕਰਦਾ, ਤਾਂ ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।’

30

ਤਾਂ ਉਸਦੇ ਮਾਲਕ ਨੇ ਕਿਹਾ, ‘ਉਸ ਨਿਕੰਮੇ ਨੋਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉਸ ਜਗ੍ਹਾ ਜਿਥੇ ਲੋਕ ਚੀਕਦੇ ਅਤੇ ਦਰਦ ਨਾਲ ਆਪਣੇ ਦੰਦ ਪੀਸਦੇ ਹਨ।’

31

“ਜਦੋਂ ਮਨੁੱਖ ਦਾ ਪੁੱਤਰ ਆਪਾਣੀ ਮਹਿਮਾ ਵਿੱਚ ਆਪਣੇ ਸਾਰੇ ਦੂਤਾਂ ਨਾਲ ਆਵੇਗਾ, ਉਹ ਪਾਤਸ਼ਾਹ ਦੀ ਤਰ੍ਹਾਂ ਆਪਣੇ ਮਹਿਮਾਮਈ ਸਿੰਘਾਸਨ ਤੇ ਵਿਰਾਜਮਾਨ ਹੋਵੇਗਾ।

32

ਸਾਰੀਆਂ ਕੌਮਾਂ ਉਸਦੇ ਅੱਗੇ ਇਕਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਉਨ੍ਹਾਂ ਨੂੰ ਦੋ ਹਿਸਿਆਂ ਵਿੱਚ ਵੰਡੇਗਾ। ਇਹ ਇੰਝ ਹੋਵੇਗਾ ਜਿਵੇਂ ਆਜਡ਼ੀ ਭੇਡਾਂ ਵਿੱਚੋਂ ਬੱਕਰੀਆਂ ਨੂੰ ਵਖਰੀਆਂ ਕਰਦਾ ਹੈ।

33

ਮਨੁੱਖ ਦਾ ਪੁੱਤਰ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਰਖੇਗਾ।

34

“ਫ਼ੇਰ ਪਾਤਸ਼ਾਹ ਉਨ੍ਹਾਂ ਆਦਮੀਆਂ ਨੂੰ, ਜਿਹਡ਼ੇ ਉਸਦੇ ਸੱਜੇ ਪਾਸੇ ਹੋਣਗੇ ਆਖੇਗਾ, ‘ਆਓ! ਮੇਰੇ ਪਿਤਾ ਨੇ ਤੁਹਾਨੂੰ ਸਭ ਨੂੰ ਅਸੀਸਾਂ ਦਿੱਤੀਆਂ ਹਨ। ਆਓ ਅਤੇ ਉਹ ਰਾਜ ਪ੍ਰਾਪਤ ਕਰੋ ਜਿਸਦਾ ਪ੍ਰਭੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਇਹ ਰਾਜ ਤਾਂ ਸੰਸਾਰ ਦੇ ਮੁਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ।

35

ਤੁਸੀਂ ਇਹ ਰਾਜ ਪਾ ਸਕਦੇ ਹੋ ਕਿਉਂਕਿ ਜਦੋਂ ਮੈਂ ਭੁਖਾ ਸੀ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਅਤੇ ਜਦੋਂ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪੀਣ ਨੂੰ ਦਿੱਤਾ। ਜਦੋਂ ਮੈਂ ਘਰ ਤੋਂ ਦੂਰ ਅਤੇ ਇਕੱਲਾ ਸੀ ਤੁਸੀਂ ਆਪਣੇ ਘਰ ਨਿਓਤਾ ਦਿੱਤਾ।

36

ਜਦੋਂ ਮੈਂ ਵਸਤਰ-ਹੀਣ ਸਾਂ, ਤੁਸੀਂ ਮੈਨੂੰ ਪਹਿਨਣ ਲਈ ਕੱਪਡ਼ੇ ਦਿੱਤੇ। ਮੈਂ ਬਿਮਾਰ ਸੀ ਤਾਂ ਤੁਸੀਂ ਮੇਰੀ ਖਬਰ ਲਿਤ੍ਤੀ ਅਤੇ ਜਦੋਂ ਮੈਂ ਕੈਦ ਵਿੱਚ ਸੀ ਤਾਂ ਤੁਸੀਂ ਮੇਰੇ ਕੋਲ ਆਏ।’

37

“ਤਦ ਚੰਗੇ ਲੋਕ ਉਸਨੂੰ ਉੱਤਰ ਦੇਣਗੇ, ‘ਪ੍ਰਭੂ, ਅਸੀਂ ਕਦੋਂ ਤੁਹਾਨੂੰ ਭੁਖਾ ਵੇਖਿਆ ਅਤੇ ਤੁਹਾਨੂੰ ਭੋਜਨ ਦਿੱਤਾ ਜਾਂ ਕਦੋਂ ਅਸੀਂ ਤੁਹਾਨੂੰ ਪਿਆਸਾ ਵੇਖਿਆ ਅਤੇ ਕੁਝ ਪੀਣ ਨੂੰ ਦਿੱਤਾ?’

38

ਕਦੋਂ ਅਸੀਂ ਤੁਹਾਨੂੰ ਬਗਾਨਿਆਂ ਵਾਂਗ ਵੇਖਿਆ ਅਤੇ ਤੁਹਾਨੂੰ ਆਪਣੇ ਘਰ ਨਿਉਤਾ ਦਿੱਤਾ, ਜਾਂ ਕਦੋਂ ਅਸੀਂ ਤੁਹਾਨੂੰ ਬਿਨ ਕੱਪਡ਼ਿਉਂ ਵੇਖਿਆ ਅਤੇ ਤੁਹਾਨੂੰ ਕੱਪਡ਼ੇ ਦਿੱਤੇ?

39

ਕਦੋਂ ਅਸੀਂ ਤੁਹਾਨੂੰ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਦੇਖ-ਭਾਲ ਕਰਨ ਲਈ ਆਏ?’

40

“ਤਦ ਪਾਤਸ਼ਾਹ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੋ ਕੁਝ ਵੀ ਤੁਸੀਂ ਇਨ੍ਹਾਂ ਤੁਛ ਲੋਕਾਂ ਲਈ ਕੀਤਾ ਜੋ ਮੇਰੇ ਨਾਲ ਸੰਬੰਧਿਤ ਹਨ, ਤੁਸੀਂ ਇਹ ਮੇਰੇ ਲਈ ਕੀਤਾ।’

41

“ਫ਼ੇਰ ਪਾਤਸ਼ਾਹ ਆਪਣੇ ਖੱਬੇ ਪਾਸੇ ਵਾਲੇ ਲੋਕਾਂ ਨੂੰ ਆਖੇਗਾ, ‘ਮੈਥੋਂ ਦੂਰ ਚਲੇ ਜਾਓ, ਤੁਸੀਂ ਸਰਾਪੇ ਹੋਏ ਹੋ। ਉਸ ਸਦੀਵੀ ਮੱਚਦੀ ਹੋਈ ਅੱਗ ਵਿੱਚ ਚਲੇ ਜਾਓ, ਜਿਹਡ਼ੀ ਸ਼ੈਤਾਨ ਅਤੇ ਉਸਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ।’

42

ਤੁਹਾਨੂੰ ਜਾਣਾ ਹੀ ਪਵੇਗਾ ਕਿਉਂਕਿ ਜਦ ਮੈਂ ਭੁਖਾ ਸਾਂ ਤੁਸੀਂ ਮੈਨੂੰ ਨਾ ਖੁਆਇਆ ਅਤੇ ਨਾ ਹੀ ਕੁਝ ਪੀਣ ਨੂੰ ਦਿੱਤਾ।

43

ਜਦੋਂ ਮੈਂ ਇਕੱਲਾ ਅਤੇ ਘਰ ਤੋਂ ਦੂਰ ਸਾਂ ਤੁਸੀਂ ਮੈਨੂੰ ਆਪਣੇ ਘਰ ਨਿਉਤਾ ਨਹੀਂ ਦਿੱਤਾ ਅਤੇ ਜਦ ਵਸਤਰ-ਹੀਣ ਸਾਂ ਤੁਸੀਂ ਮੈਨੂੰ ਕੱਪਡ਼ਾ ਨਹੀਂ ਦਿੱਤਾ, ਜਦੋਂ ਮੈਂ ਬਿਮਾਰ ਅਤੇ ਕੈਦ ਵਿੱਚ ਸਾਂ, ਤੁਸੀਂ ਮੇਰਾ ਧਿਆਨ ਨਹੀਂ ਰੱਖਿਆ।’

44

“ਫ਼ੇਰ ਉਹ ਵੀ ਉੱਤਰ ਦੇਣਗੇ: ‘ਪ੍ਰਭੂ’ ਕਦੋਂ ਅਸੀਂ ਤੁਹਾਨੂੰ ਭੁਖਾ ਜਾਂ ਪਿਆਸਾ ਇੱਕ ਬਗਾਨੇ ਵਾਂਗ ਜਾਂ ਬਿਨ ਕੱਪਡ਼ਿਉਂ, ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਸਹਾਇਤਾ ਨਹੀਂ ਕੀਤੀ।’

45

“ਫ਼ੇਰ ਰਾਜਾ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜਦੋਂ ਤੁਸੀਂ ਇਨ੍ਹਾਂ ਤੁਛ ਲੋਕਾਂ ਲਈ ਕੁਝ ਵੀ ਕਰਨ ਤੋਂ ਇਨਕਾਰ ਕਰਦੇ ਹੋਂ, ਜੋ ਮੇਰੇ ਨਾਲ ਸੰਬੰਧਿਤ ਹਨ, ਤੁਸੀਂ ਇਹ ਮੇਰੇ ਲਈ ਕਰਨ ਤੋਂ ਇਨਕਾਰ ਕਰਦੇ ਹੋਂ।”

46

“ਤਦ ਉਹ ਬੁਰੇ ਲੋਕ ਸਦੀਵੀ ਸਜ਼ਾ ਪਾਉਣਗੇ ਪਰ ਚੰਗੇ ਲੋਕ ਸਦੀਵੀ ਜੀਵਨ ਪਾਉਨਗੇ।”