ਇਕ ਸਾਲ ਵਿਚ ਬਾਈਬਲ
ਅਪ੍ਰੈਲ 25


ਲੂਕਾ 6:1-26
1. ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ। ਉਸਦੇ ਕੁਝ ਚੇਲੇ ਕਣਕ ਦੇ ਸਿੱਟੇ ਤੋਡ਼ਕੇ ਆਪਣੇ ਹੱਥਾਂ ਤੇ ਮਲਕੇ ਖਾ ਰਹੇ ਸਨ।
2. ਕੁਝ ਫ਼ਰੀਸੀਆਂ ਨੇ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ? ਸਬਤ ਦੇ ਦਿਨ ਨੇਮ ਦੇ ਮੁਤਾਬਿਕ ਇੰਝ ਕਰਨ ਦੀ ਇਜਾਜ਼ਤ ਨਹੀਂ ਹੈ।”
3. ਯਿਸੂ ਨੇ ਆਖਿਆ, “ਕੀ ਤੁਸੀਂ ਇਹ ਨਹੀਂ ਪਢ਼ਿਆ ਕਿ ਦਾਊਦ ਨੇ ਕੀ ਕੀਤਾ ਸੀ, ਜਦੋਂ ਉਹ ਅਤੇ ਉਸਦੇ ਸਾਥੀ ਭੁਖੇ ਸਨ।
4. ਕੀ ਤੁਸੀਂ ਨਹੀਂ ਪਢ਼ਿਆ ਕਿ ਉਹ ਪਰਮੇਸ਼ੁਰ ਦੇ ਘਰ ਵਡ਼ਿਆ, ਤੇ ਉਸਨੇ ਉਹ ਰੋਟੀ ਚੁੱਕੀ ਜੋ ਕਿ ਪਰਮੇਸ਼ੁਰ ਨੂੰ ਭੇਂਟ ਕੀਤੀ ਗਈ ਸੀ ਕੁਝ ਖੁਦ ਖਾਧੀ ਅਤੇ ਕੁਝ ਉਨ੍ਹਾਂ ਲੋਕਾਂ ਨੂੰ ਦਿੱਤੀ, ਜੋ ਉਸਦੇ ਨਾਲ ਸਨ। ਇਹ ਨੇਮ ਦੇ ਵਿਰੁੱਧ ਸੀ ਜਦ ਕਿ ਨੇਮ ਤਾਂ ਇਹੀ ਆਖਦਾ ਹੈ ਕਿ ਕੇਵਲ ਜਾਜਕ ਹੀ ਉਸ ਰੋਟੀ ਦਾ ਸੇਵਨ ਕਰ ਸਕਦਾ ਹੈ।”
5. ਤਦ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
6. ਇੱਕ ਹੋਰ ਸਬਤ ਦੇ ਦਿਨ ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣ ਲਈ ਗਿਆ। ਉਥੇ ਇੱਕ ਆਦਮੀ ਸੀ ਜਿਸਦੇ ਸੱਜੇ ਹੱਥ ਨੂੰ ਅਧਰੰਗ ਸੀ।
7. ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਇਸ ਉਡੀਕ ਵਿੱਚ ਸਨ ਕਿ ਵੇਖੀਏ ਯਿਸੂ ਇਸਨੂੰ ਸਬਤ ਦੇ ਦਿਨ ਰਾਜੀ ਕਰ ਸਕਦਾ ਹੈ ਕਿ ਨਹੀਂ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਗਲਤ ਕੰਮ ਕਰੇ ਤੇ ਉਹ ਉਸਨੂੰ ਦੋਸ਼ੀ ਠਹਿਰਾ ਸਕਣ।
8. ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੋ। ਅਤੇ ਉਸਨੇ ਉਸ ਮਨੁੱਖ ਨੂੰ ਆਖਿਆ ਜਿਸਦੇ ਹੱਥ ਨੂੰ ਅਧਰੰਗ ਹੋਇਆ ਸੀ, “ਉਠ ਅਤੇ ਵਿਚਾਲੇ ਆਕੇ ਖਢ਼ਾ ਹੋ ਜਾ।”ਤਾਂ ਉਸਨੇ ਇੰਝ ਹੀ ਕੀਤਾ।
9. ਤਦ ਯਿਸੂ ਨੇ ਲੋਕਾਂ ਨੂੰ ਪੁੱਛਿਆ, “ਮੈਂ ਤੁਹਾਨੂੰ ਪੁਛਦਾ ਹਾਂ ਕਿ ਸਬਤ ਦੇ ਦਿਨ ਕੀ ਕਰਨ ਦੀ ਇਜਾਜ਼ਤ ਹੈ? ਚੰਗਿਆਈ ਕਰਨ ਦੀ ਜਾਂ ਬਦੀ? ਕਿਸੇ ਦੇ ਪ੍ਰਾਣ ਨਸ਼ਟ ਕਰਨ ਦੀ ਜਾਂ ਕਿਸੇ ਦੇ ਪ੍ਰਾਣਾਂ ਨੂੰ ਬਚਾਉਣ ਦੀ?”
10. ਯਿਸੂ ਦੇ ਆਲੇ-ਦੁਆਲੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੇਖਿਆ ਅਤੇ ਬਿਮਾਰ ਆਦਮੀ ਨੂੰ ਆਖਿਆ, “ਮੈਨੂੰ ਆਪਣਾ ਹੱਥ ਵਿਖਾ।” ਜਦ ਉਸ ਅਧਰੰਗੀ ਮਨੁੱਖ ਨੇ ਆਪਣਾ ਹੱਥ ਵਿਖਾਉਣ ਲਈ ਬਾਹਰ ਕਢਿਆ ਤਾਂ ਉਹ ਬਿਲਕੁਲ ਠੀਕ ਸੀ।
11. ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਇਹ ਵੇਖਕੇ ਬਡ਼ੇ ਕਰੋਧ ਵਿੱਚ ਆਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਪਾਂ ਯਿਸੂ ਨਾਲ ਕੀ ਕਰੀਏ?”
12. ਉਨ੍ਹੀ ਦਿਨੀ ਯਿਸੂ ਇੱਕ ਪਹਾਡ਼ ਤੇ ਗਿਆ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ।
13. ਅਗਲੀ ਸਵੇਰ ਉਸਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ “ਰਸੂਲ” ਆਖਿਆ।
14. ਉਨ੍ਹਾਂ ਬਾਰ੍ਹਾਂ ਰਸੂਲਾਂ ਦੇ ਨਾਂ ਸਨ: ਸ਼ਮਊਨ, ਜਿਸਨੂੰ ਯਿਸੂ ਨੇ ਪਤਰਸ ਨਾਂ ਦਿੱਤਾ ਅਤੇ ਉਸਦਾ ਭਰਾ ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ, ਫ਼ਿਲਿਪੁੱਸ ਅਤੇ ਬਰਥੁਲਮਈ,
15. ਮੱਤੀ, ਥੋਮਾ ਅਤੇ ਹਲਫ਼ਈ ਦਾ ਪੁੱਤਰ ਯਾਕੂਬ ਅਤੇ ਸ਼ਮਊਨ ਜਿਹਡ਼ਾ ਕਨਾਨੀ ਕਹਾਉਂਦਾ ਸੀ।
16. ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਯੋਤੀ। ਇਹ ਉਹੀ ਯਾਕੂਬ ਦਾ ਪੁੱਤਰ ਯਹੂਦਾ ਹੈ ਜੋ ਬਾਦ ਵਿੱਚ ਯਿਸੂ ਨੂੰ ਉਸਦੇ ਦੁਸ਼ਮਣਾਂ ਦੇ ਹੱਥ ਫ਼ਡ਼ਵਾਉਂਦਾ ਹੈ।
17. ਯਿਸੂ ਅਤੇ ਰਸੂਲ ਪਹਾਡ਼ ਤੋਂ ਉਤਰ ਕੇ ਇੱਕ ਪਧਰੀ ਜਗ੍ਹਾ ਤੇ ਆਕੇ ਖਲੋਤੇ। ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਉਥੇ ਇਕੱਠਾ ਹੋਇਆ ਸੀ ਜੋ ਕਿ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਕੰਢੇ ਦੇ ਸ਼ਹਿਰਾਂ ਤੋਂ ਆਏ ਸਨ।
18. ਉਹ ਸਾਰੇ ਯਿਸੂ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾ ਤੋਂ ਚਗੇ ਹੋਣ ਲਈ ਉਸ ਕੋਲ ਆਏ ਸਨ। ਜਿਹਡ਼ੇ ਲੋਕ ਭਰਿਸ਼ਟ ਆਤਮਿਆਂ ਤੋਂ ਪੀਡ਼ਿਤ ਸਨ ਉਹ ਵੀ ਰਾਜੀ ਕੀਤੇ ਗਏ।
19. ਸਾਰੇ ਲੋਕ ਯਿਸੂ ਨੂੰ ਛੂਹਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਨੂੰ ਰਾਜੀ ਕਰਦੀ ਸੀ।
20. ਯਿਸੂ ਨੇ ਆਪਣੇ ਚੇਲਿਆਂ ਵੱਲ ਵੇਖਿਆ ਤੇ ਆਖਿਆ, “ਗਰੀਬ ਲੋਕੋ! ਤੁਸੀਂ ਧੰਨ ਹੋ, ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।
21. ਤੁਸੀਂ ਜੋ ਹੁਣ ਭੁਖੇ ਹੋ, ਧੰਨ ਹੋ ਕਿਉਂਕਿ ਤੁਹਾਨੂੰ ਸੰਤੁਸ਼ਟ ਕੀਤਾ ਜਾਵੇਗਾ। ਤੁਸੀਂ ਜੋ ਹੁਣ ਰੋ ਰਹੇ ਹੋ ਧੰਨ ਹੋ ਕਿਉਂਕਿ ਮਗਰੋਂ ਤੁਸੀਂ ਹੱਸੋਂਗੇ।
22. “ਤੁਸੀਂ ਧੰਨ ਹੋ ਜਦੋਂ ਲੋਕ ਮਨੁੱਖ ਦੇ ਪੁੱਤਰ ਕਾਰਣ ਤੁਹਾਨੂੰ ਨਫ਼ਰਤ ਕਰਨ, ਤਿਆਗਣ, ਬੇਇਜ੍ਜਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿਕੇ ਬੁਲਾਉਣ।
23. ਜਦੋਂ ਇਹ ਵਾਪਰੇ ਤਾਂ ਆਨੰਦ ਨਾਲ ਉਛਲੋ ਕਿਉਂਕਿ ਸੁਰਗ ਵਿੱਚ ਤੁਹਾਡਾ ਫ਼ਲ ਮਹਾਨ ਹੋਵੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਵੇਂ ਹੀ ਕੀਤਾ ਸੀ ਜਿਵੇਂ ਉਹ ਤੁਹਾਡੇ ਨਾਲ ਕਰਨਗੇ।
24. “ਤੁਹਾਡੇ ਤੇ ਲਾਹਨਤ, ਅਮੀਰ ਲੋਕੋ, ਕਿਉਂਕਿ ਤੁਹਾਡੇ ਕੋਲ ਸਭ ਸੁਖ ਹਨ।
25. ਤੁਹਾਡੇ ਤੇ ਲਾਹਨਤ, ਜਿਹਡ਼ੇ ਹੁਣ ਰੱਜੇ ਹੋਏ ਹੋ ਮਗਰੋਂ ਤੁਸੀਂ ਭੁਖੇ ਰਹੋਂਗੇ। ਤੁਹਾਡਾ ਬੁਰਾ ਹੋਵੇਗਾ ਜੋ ਹੁਣ ਹੱਸ ਰਹੇ ਹੋ, ਮਗਰੋਂ ਤੁਸੀਂ ਕੁਰਲਾਉਂਗੇ ਅਤੇ ਅਫ਼ਸੋਸ ਕਰੋਂਗੇ।
26. “ਤੁਹਾਡੇ ਤੇ ਲਾਹਨਤ, ਜਦੋਂ ਸਾਰੇ ਲੋਕਾਂ ਦੁਆਰਾ ਤੁਹਾਡੀ ਉਸਤਤਿ ਹੁੰਦੀ ਹੈ। ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਝੂਠੇ ਨਬੀਆਂ ਨਾਲ ਇਵੇਂ ਹੀ ਕੀਤਾ ਸੀ।